ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਦੇ ਲੋਹੜੀ ਸਮਾਗਮ ’ਚ ਮੁੱਖ ਮੰਤਰੀ ਚੰਨੀ ਨੇ ਕੀਤੀ ਸ਼ਿਰਕਤ, ਕਲਾਕਾਰਾਂ ਨੇ ਬੰਨ੍ਹਿਆ ਰੰਗ

252

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬੀਤੇ ਦਿਨ ਪਹਿਲਾਂ ਹੀ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ਨੂੰ ਹੋਇਆ। ਗਿੱਪੀ ਗਰੇਵਾਲ ਨੇ ਗਾਇਕੀ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਅੱਜ ਉਹ ਸਫਲ ਗਾਇਕ ਹੋਣ ਦੇ ਨਾਲ-ਨਾਲ ਸਫਲ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹਨ।

ਗਿੱਪੀ ਗਰੇਵਾਲ ਦੇ ਬਰਥਡੇਅ ਅਤੇ ਉਨ੍ਹਾਂ ਦੇ ਪੁੱਤਰ ਗੁਰਬਾਜ਼ ਗਰੇਵਾਲ ਦੇ ਲੋਹੜੀ ਦਾ ਪ੍ਰੋਗਰਾਮ ਦਾ ਜਸ਼ਨ ਕਾਫੀ ਧੂਮ ਧਾਮ ਮਨਾਇਆ ਗਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ਼ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਪ੍ਰੋਗਰਾਮ ਕਾਫੀ ਰੌਣਕਾਂ ਨਾਲ ਭਰਿਆ ਰਿਹਾ ਕਿਉਂਕਿ ਇਸ ਪ੍ਰੋਗਰਾਮ ‘ਚ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਪਹੁੰਚੇ ਸਨ। ਇਸ ਸੈਲੀਬ੍ਰੇਸ਼ਨ ‘ਚ ਗੁਰਦਾਸ ਮਾਨ, ਕੁਲਵਿੰਦਰ ਬਿੱਲਾ, ਐਮੀ ਵਿਰਕ, ਸੁਨੰਦਾ ਸ਼ਰਮਾ, ਜੌਰਡਨ ਸੰਧੂ, ਪ੍ਰੇਮ ਢਿੱਲੋਂ, ਸਿੱਧੂ ਮੂਸੇ ਵਾਲਾ, ਗੋਲਡੀ, ਸੱਤਾ, ਅਮਨ ਨੂਰੀ, ਅਲਾਪ ਸਿਕੰਦਰ, ਜਸਬੀਰ ਜੱਸੀ, ਅੰਮ੍ਰਿਤ ਮਾਨ, ਸ਼ਿਵਜੋਤ ਵਰਗੇ ਕਲਾਕਾਰ ਪਹੁੰਚੇ ਸਨ।

ਇਸ ਜਸ਼ਨ ਦੀਆਂ ਕੁਝ ਵੀਡੀਓਜ਼ ਕਲਾਕਾਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਜਸਬੀਰ ਜੱਸੀ ਨੇ ਆਪਣੇ ਗੀਤਾਂ ‘ਤੇ ਇਸ ਜਸ਼ਨ ‘ਚ ਪਹੁੰਚੇ ਲੋਕਾਂ ਨੂੰ ਨੱਚਣ ਲਾ ਦਿੱਤਾ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੇ ਵੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਗੁਰਦਾਸ ਮਾਨ ਨਾਲ ਮਿਲ ਕੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਗਾਇਕ ਅਲਾਪ ਸਿਕੰਦਰ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਪਿਤਾ ਤੇ ਦਿੱਗਜ ਗਾਇਕ ਸਰਦੂਲ ਸਿਕੰਦਰ ਦਾ ਮਸ਼ਹੂਰ ਗੀਤ ‘ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਲਾਪ ਨੇ ਲਿਖਿਆ ਹੈ, ”ਗੁਰਬਾਜ਼ ਦੀ ਲੋਹੜੀ ‘ਤੇ ਖੂਬ ਰੌਣਕਾਂ ਲੱਗੀਆਂ…ਸਭ ਨੇ ਆਪਣੇ ਆਪਣੇ ਅੰਦਾਜ਼ ‘ਚ ਰੰਗ ਬੰਨੇ…..ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਉੱਥੇ ਪਾਪਾ ਦੀ ਹਾਜ਼ਰੀ ਜ਼ਰੂਰ ਲੱਗੀ….ਪਰਮਾਤਮਾ ਗਰੇਵਾਲ ਪਰਿਵਾਰ ਨੂੰ ਹਰ ਬੁਰੀ ਨਜ਼ਰ ਤੇ ਦੁੱਖ ਦੀ ਘੜੀ ਤੋਂ ਕੋਸੋ ਦੂਰ ਰੱਖੇ ਅਤੇ ਖੁਸ਼ੀਆਂ-ਖੇੜੇ ਦੇ ਰੰਗ ਬਣਾਈ ਰੱਖੇ…।

ਅਲਾਪ ਦਾ ਇਹ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਕਾਫ਼ੀ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।