ਕਪੂਰਥਲਾ ਵਿਖੇ ਵਿਆਹ ’ਚ ਸੂਟ-ਬੂਟ ਪਾ ਕੇ ਪੁੱਜੇ 12 ਸਾਲਾ ਬੱਚੇ ਨੇ ਕੀਤਾ ਅਜਿਹਾ ਕਾਰਾ ਕਿ ਸਭ ਦੇ ਉੱਡੇ ਹੋਸ਼

169

ਵਿਆਹਾਂ ’ਚ ਸੂਟ-ਬੂਟ ਪਾ ਕੇ ਆਏ ਬੱਚੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਲੋਕ ਅਜੇ ਵੀ ਅਲਰਟ ਨਹੀਂ ਹੋ ਰਹੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦੇ ਹੋਟਲ ਦਾ ਹੈ, ਜਿੱਥੇ ਜਲੰਧਰ ਦੇ ਅਰਬਨ ਅਸਟੇਟ ਤੋਂ ਪਰਿਵਾਰ ਬੇਟੇ ਦੇ ਵਿਆਹ ਲਈ ਗਿਆ ਸੀ। ਇਸ ਦੌਰਾਨ ਸੂਟ-ਬੂਟ ਪਾ ਕੇ ਪਹੁੰਚੇ 12 ਸਾਲ ਦੇ ਬੱਚੇ ਨੇ ਲਾੜੇ ਦੀ ਮਾਂ ਦਾ ਪਰਸ ਚੋਰੀ ਕਰ ਲਿਆ। ਪਰਸ ਵਿਚ 7 ਤੋਲੇ ਸੋਨਾ ਅਤੇ 3.60 ਲੱਖ ਕੈਸ਼ ਸੀ। ਜਦੋਂ ਤੱਕ ਲਾੜੇ ਦੀ ਮਾਂ ਨੂੰ ਪਤਾ ਲੱਗਾ, ਉਦੋਂ ਤੱਕ ਬੱਚਾ ਆਪਣੇ ਸਾਥੀ ਦੇ ਨਾਲ ਫਰਾਰ ਹੋ ਚੁੱਕਾ ਸੀ। ਇਹ ਸਾਰਾ ਮਾਮਲਾ ਕੈਮਰੇ ਵਿਚ ਕੈਦ ਹੋ ਗਿਆ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਮੁਤਾਬਕ ਲਾੜੇ ਪੱਖ ਮੁਤਾਬਕ ਬੈਗ ’ਚ ਸੋਨੇ ਦੇ ਗਹਿਣੇ, ਕੁਝ ਕੈਸ਼ ਅਤੇ ਤਿੰਨ ਮੋਬਾਇਲ ਸਨ। ਲਾੜੇ ਦੀ ਮਾਂ ਨੇ ਕਿਹਾ ਕਿ ਐਤਵਾਰ ਦੁਪਹਿਰ 2 ਵਜੇ ਉਹ ਹੋਟਲ ਦੇ ਹਾਲ ’ਚ ਰਿਸ਼ੇਤਦਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਾਂ ਕਰਦੇ-ਕਰਦੇ ਉਨ੍ਹਾਂ ਨੇ ਪਰਸ ਕੁਰਸੀ ’ਤੇ ਰੱਖ ਦਿੱਤਾ। ਦੋ ਮਿੰਟਾਂ ਦੇ ਬਾਅਦ ਵੇਖਿਆ ਤਾਂ ਪਰਸ ਗਾਇਬ ਸੀ। ਸੀ. ਸੀ. ਟੀ. ਵੀ. ਚੈੱਕ ਕੀਤੇ ਤਾਂ ਸੂਟ-ਬੂਟ ਪਹਿਨੇ ਹੋਏ ਇਕ ਮੁੰਡਾ ਕੁਰਸੀ ਦੇ ਕੋਲ ਆਇਆ ਅਤੇ ਮੌਕਾ ਵੇਖ ਕੇ ਆਰਾਮ ਨਾਲ ਪਰਸ ਚੋਰੀ ਕਰਕੇ ਲੈ ਗਿਆ। ਜਿਵੇਂ ਹੀ ਉਹ ਹੋਟਲ ਤੋਂ ਬਾਹਰ ਪੁੱਜਾ ਤਾਂ ਉਸ ਨੇ ਪਰਸ ਕਿਸੇ ਹੋਰ ਦੇ ਦਿੱਤਾ। ਪੁਲਸ ਨੇ ਦੇਰ ਸ਼ਾਮ ਚੋਰੀ ਦਾ ਮਾਮਲਾ ਦਰਜ ਕੀਤਾ ਹੈ।

ਥਾਣਾ ਸਦਰ ਦੇ ਐੱਸ. ਐੱਚ. ਓ. ਰਣਜੋਧ ਸਿੰਘ ਨੇ ਦੱਸਿਆ ਕਿ ਲਾੜੇ ਪੱਖ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨ ਮੁਤਾਬਕ ਪਰਸ ’ਚ 7 ਤੋਲੇ ਸੋਨੇ ਦੇ ਗਹਿਣੇ, 3.60 ਲੱਖ ਦੀ ਨਕਦੀ ਸੀ। ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਨੇ ਕਿਹਾ ਕਿ ਦਸੰਬਰ ’ਚ ਜਲੰਧਰ ਦੇ ਰਿਜ਼ਾਰਟ ’ਚ ਹੋਈ ਚੋਰੀ ’ਚ ਸ਼ਾਮਲ ਬੱਚਾ ਇਸੇ ਤਰ੍ਹਾਂ ਹੀ ਕੋਟ-ਪੈਂਟ ਪਾ ਕੇ ਆਇਆ ਸੀ। ਹੇਅਰ ਸਟਾਈਲ ਵੀ ਅਜਿਹਾ ਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਸਮੇਤ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।