ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਬਾਰੇ ਹੁਣ ਤੱਕ ਏਨਾ ਕੁਝ ਹੀ ਪਤਾ ਲੱਗ ਸਕਿਆ ਹੈ

413

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਬਾਰੇ ਹੁਣ ਤੱਕ ਏਨਾ ਕੁਝ ਹੀ ਪਤਾ ਲੱਗ ਸਕਿਆ ਹੈ।

18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਰਹਿਰਾਸ ਪਾਠ ਦੇ ਸਮੇਂ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬਦਨੀਅਤ ਨਾਲ ਕੀਤੀ ਗਈ ਕੋਸ਼ਿਸ਼, ਜਿਸ ਨੂੰ ਮੌਕੇ ਉਤੇ ਹਾਜ਼ਰ ਸੇਵਾਦਾਰਾਂ ਨੇ ਨਾਕਾਮ ਕਰ ਦਿੱਤਾ ਸੀ, ਦੀ ਪੁੱਛਗਿਛ ਦੌਰਾਨ ਮੌਤ ਹੋ ਗਈ ਸੀ, ਪਰ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਕਤ ਅਣਪਛਾਤੇ ਦੋਸ਼ੀ ਦੀ ਸ਼ਨਾਖਤ ਪੁਲਿਸ ਨਹੀਂ ਕਰ ਸਕੀ। ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਾਤਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਅਧਾਰ ਉਤੇ ਪੁਲਿਸ ਕੇਸ ਦੀ ਤੈਅ ਤੱਕ ਪੁੱਜਦੀ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੇਅਦਬੀ ਦੇ ਮੰਤਵ ਨਾਲ ਆਇਆ ਨੌਜਵਾਨ ਸ਼ਨਿਚਰਵਾਰ ਸਵੇਰੇ ਤੋਂ ਹੀ ਹਰਿਮੰਦਰ ਸਾਹਿਬ ਸਮੂਹ ਵਿਚ ਹੀ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਉਹ ਕਦੇ ਪਰਿਕਰਮਾ ਵਿਚ ਲੇਟਦਾ ਰਿਹਾ ਅਤੇ ਕਦੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਬੈਠਾ ਰਿਹਾ। ਇਸ ਤੋਂ ਜਾਪਦਾ ਹੈ ਕਿ ਉਹ ਵਿਸ਼ੇਸ਼ ਮੰਤਵ ਨਾਲ ਇਥੇ ਆਇਆ ਸੀ।

ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਕੈਂਪਸ ਤੋਂ ਬਾਹਰ ਬਾਜ਼ਾਰਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਨੌਜਵਾਨ ਕਿਸ ਰਸਤੇ ਤੋਂ ਆਇਆ ਅਤੇ ਉਸ ਨਾਲ ਹੋਰ ਕੌਣ-ਕੌਣ ਸੀ।

ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਦ੍ਰਿਸ਼ ਦੇਖੇ ਹਨ। ਸੀਸੀਟੀ ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲ੍ਹਿਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਾ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਕਰਮਾਂ ਵਿਚ ਦਾਖਲ ਹੋਣ ਲਈ ਆਇਆ, ਪਰ ਵਾਪਸ ਮੁੜ ਗਿਆ।

ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਕਰਮਾਂ ਵਿਚ ਦਾਖ਼ਲ ਹੋਇਆ। ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ। 10:37 ’ਤੇ ਹਰਿ ਕੀ ਪਓੜੀ ਦੇ ਉੱਪਰ ਗਿਆ ਅਤੇ 11:45 ਵਜੇ ਬਾਹਰ ਆਇਆ।

ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ।

ਸ਼ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸਾਰਾ ਦਿਨ ਉਹ ਘਟਨਾ ਨੂੰ ਅੰਜਾਮ ਦੇਣ ਲਈ ਦਰਬਾਰ ਸਾਹਿਬ ਸਮੂਹ ‘ਚ ਰੇਕੀ ਕਰਦਾ ਰਿਹਾ। ਸੀਸੀਟੀਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬਕਤਰਾ ਆਦਿ ਸਮਝ ਕੇ ਟਾਕਸਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ।