ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਨਵਾਂ ਘਰ ਹੈ ਬੇਹੱਦ ਆਲੀਸ਼ਾਨ, ਵਾਇਰਲ ਹੋਇਆ ਵੀਡੀਓ

428

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣ ਜਾ ਰਹੇ ਹਨ। ਇਹ ਜੋੜਾ ਜਲਦ ਹੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਗੁਆਂਢੀ ਬਣ ਜਾਵੇਗਾ। ਵਿੱਕੀ ਅਤੇ ਕੈਟਰੀਨਾ ਨੇ ਅਨੁਸ਼ਕਾ ਦੀ ਬਿਲਡਿੰਗ ‘ਚ ਇਕ ਅਪਾਰਟਮੈਂਟ ਕਿਰਾਏ ‘ਤੇ ਲਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਅਨੁਸ਼ਕਾ ਸ਼ਰਮਾ ਨੇ ਦੋਹਾਂ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਕੀਤੀ ਹੈ। ਹੁਣ ਇਸ ਅਪਾਰਟਮੈਂਟ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਅਤੇ ਕੈਟਰੀਨਾ ਦਾ ਇਹ ਨਵਾਂ ਘਰ ਬੇਹੱਦ ਖੂਬਸੂਰਤ ਹੈ ਨਾਲ ਹੀ ਇਹ ‘ਸੀ-ਫੇਸਿੰਗ’ ਵੀ ਹੈ। ਇਸ ਦਾ ਮਤਲਬ ਹੈ ਕਿ ਵਿੱਕੀ ਅਤੇ ਕੈਟਰੀਨਾ ਹਰ ਰੋਜ਼ ਸਵੇਰੇ ਉੱਠ ਕੇ ਸਮੁੰਦਰ ਨੂੰ ਦੇਖਣਗੇ। ਵੀਡੀਓ ‘ਚ ਘਰ ਦੇ ਸਾਹਮਣੇ ਸ਼ੀਸ਼ੇ ਦੀ ਕੰਧ ਦਿਖਾਈ ਦੇ ਰਹੀ ਹੈ। ਫਿਲਹਾਲ ਇਸ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਅਨੁਸ਼ਕਾ ਸ਼ਰਮਾ ਨੇ ਕੈਟਰੀਨਾ ਦੇ ਗੁਆਂਢੀ ਹੋਣ ਦੀ ਪੁਸ਼ਟੀ ਕੀਤੀ ਸੀ। ਕੈਟਰੀਨਾ ਅਤੇ ਵਿੱਕੀ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੰਦੇ ਹੋਏ ਅਨੁਸ਼ਕਾ ਸ਼ਰਮਾ ਨੇ ਲਿਖਿਆ, ”ਤੁਹਾਨੂੰ ਦੋਵਾਂ ਖੂਬਸੂਰਤ ਲੋਕਾਂ ਨੂੰ ਵਧਾਈਆਂ। ਤੁਸੀਂ ਲੋਕ ਜੀਵਨ ਭਰ ਇਕੱਠੇ ਰਹੋ, ਇੱਕ-ਦੂਜੇ ਨੂੰ ਪਿਆਰ ਕਰੋ ਅਤੇ ਇੱਕ-ਦੂਜੇ ਨੂੰ ਸਮਝੋ। ਮੈਂ ਖੁਸ਼ ਹਾਂ ਕਿ ਤੁਹਾਡਾ ਆਖਿਰਕਾਰ ਵਿਆਹ ਹੋ ਗਿਆ ਹੈ। ਹੁਣ ਤੁਸੀਂ ਆਪਣੇ ਘਰ ‘ਚ ਸ਼ਿਫਟ ਕਰ ਸਕੋਗੇ ਅਤੇ ਸਾਨੂੰ ਉਸਾਰੀ ਦੀਆਂ ਆਵਾਜ਼ਾਂ ਨਹੀਂ ਸੁਣਨੀਆਂ ਪੈਣਗੀਆਂ।”

ਵਿਆਹ ਤੋਂ ਪਹਿਲਾਂ ਵਿੱਕੀ ਕੌਸ਼ਲ ਆਪਣੇ ਪਰਿਵਾਰ ਨਾਲ ਮੁੰਬਈ ਦੇ ਅੰਧੇਰੀ ਇਲਾਕੇ ‘ਚ ਰਹਿ ਰਿਹਾ ਸੀ। ਇਸ ਦੇ ਨਾਲ ਹੀ ਕੈਟਰੀਨਾ ਆਪਣੀ ਭੈਣ ਨਾਲ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। ਵਿਆਹ ਦੀ ਗੱਲ ਕਰੀਏ ਤਾਂ ਵਿੱਕੀ ਅਤੇ ਕੈਟਰੀਨਾ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ‘ਚ ਹੋਇਆ ਸੀ। ਵਿਆਹ ‘ਚ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।