ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਤੇ ਨੋਰਾ ਨੂੰ ਦਿੱਤੇ ਸਨ ਕਰੋੜਾਂ ਦੇ ਤੋਹਫ਼ੇ

405

ਤਿਹਾੜ ਜੇਲ੍ਹ ਤੋਂ 200 ਕਰੋੜ ਰੁਪਏ ਵਸਲੂਣ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ, ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪੌਲ ਅਤੇ 6 ਹੋਰ ਲੋਕਾਂ ਖ਼ਿਲਾਫ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਈਡੀ ਦੀ ਚਾਰਜਸ਼ੀਟ ‘ਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਦਾਖ਼ਲ ਕੀਤੀ ਗਈ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੂੰ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਹਨ।

ਰਿਪੋਰਟਰਜ਼ ਅਨੁਸਾਰ ਚਾਰਜਸ਼ੀਟ ‘ਚ ਜਾਂਚ ਏਜੰਸੀ ਨੇ ਦੱਸਿਆ ਕਿ ਸੁਕੇਸ਼ ਚੰਦਰਸ਼ੇਖਰ ਨੇ ਅਦਾਕਾਰਾ ਜੈਕਲੀਨ ਨੂੰ 10 ਕਰੋੜ ਰੁਪਏ ਦੇ ਤੋਹਫੇ ਦਿੱਤੇ ਹਨ, ਜਿਸ ‘ਚ 52 ਲੱਖ ਦਾ ਘੋੜਾ ਅਤੇ 9 ਲੱਖ ਦੀ ਫਾਰਸੀ ਬਿੱਲੀ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰਜਸ਼ੀਟ ‘ਚ ਨੋਰਾ ਫਤੇਹੀ ਨੂੰ ਵੀ ਦਿੱਤੇ ਕਰੋੜਾਂ ਦੇ ਤੋਹਫ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ‘ਚ ਬੰਦ ਇਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕੀਤੀ ਸੀ।

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ’ਤੇ ਹਿਰਾਸਤ ’ਚ ਲਿਆ ਗਿਆ ਸੀ ਤੇ ਥੋੜ੍ਹੀ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਈ. ਡੀ. ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਲੁੱਕਆਊਟ ਸਰਕੁਲਰ ਦੇ ਚਲਦਿਆਂ ਅਦਾਕਾਰਾ ਨੂੰ ਰੋਕਿਆ ਗਿਆ ਤੇ ਬਾਅਦ ’ਚ ਹਿਰਾਸਤ ’ਚ ਲੈ ਲਿਆ ਗਿਆ ਸੀ।

ਜੈਕਲੀਨ ਇਕ ਸ਼ੋਅ ਲਈ ਵਿਦੇਸ਼ ਜਾ ਰਹੇ ਸਨ। ਉਨ੍ਹਾਂ ਦੇ ਖ਼ਿਲਾਫ ਮਨੀਲਾਂਡਰਿੰਗ ਮਾਮਲੇ ’ਚ ਈ. ਡੀ. ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ ਈ. ਡੀ. ਨੇ 200 ਕਰੋੜ ਦੇ ਮਨੀਲਾਂਡਰਿੰਗ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਤੇ ਹੋਰਾਂ ਦੇ ਖ਼ਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਕੇਂਦਰੀ ਏਜੰਸੀ ਨੂੰ ਸੁਕੇਸ਼ ਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵਿਚਾਲੇ ਵਿੱਤੀ ਲੈਣ-ਦੇਣ ਦੇ ਸਬੂਤ ਮਿਲੇ ਸਨ।