ਕੈਨੇਡਾ ਚੋਣਾਂ ’ਚ ਹਾਰੀ ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਖ਼ਾਸ ਪੋਸਟ

301

ਕੈਨੇਡਾ ਦੀਆਂ ਸੰਸਦੀ ਚੋਣਾਂ ’ਚ ਗੀਤ ਗਰੇਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗੀਤ ਗਰੇਵਾਲ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਹੈ। ਗੀਤ ਗਰੇਵਾਲ ਪਹਿਲੀ ਵਾਰ ਚੋਣਾਂ ’ਚ ਖੜ੍ਹੀ ਹੋਈ ਸੀ। ਉਸ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹੇਠ ਚੋਣ ਲੜੀ ਸੀ।

ਹਾਲਾਂਕਿ ਹਾਰ ਤੋਂ ਬਾਅਦ ਗੀਤ ਗਰੇਵਾਲ ਦਾ ਹੌਸਲਾ ਨਹੀਂ ਟੁੱਟਿਆ। ਉਸ ਨੇ ਸੋਸ਼ਲ ਮੀਡੀਆ ’ਤੇ ਜੇਤੂ ਬਰੈਡ ਵਿੱਸ ਨੂੰ ਵਧਾਈਆਂ ਦਿੱਤੀਆਂ ਤੇ ਆਪਣੇ ਚੋਣ ਤਜਰਬੇ ਨੂੰ ਸਾਂਝਾ ਕੀਤਾ ਹੈ। ਉਥੇ ਪਰਮੀਸ਼ ਵਰਮਾ ਨੇ ਵੀ ਮੰਗੇਤਰ ਗੀਤ ਗਰੇਵਾਲ ਲਈ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ।

ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ’ਤੇ ਗੀਤ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਗੀਤ ਤੁਸੀਂ ਨੌਜਵਾਨ ਕੁੜੀਆਂ ਨੂੰ ਵੱਡੇ ਸੁਪਨੇ ਲੈਣੇ ਸਿਖਾਏ ਹਨ ਤੇ ਜਿਸ ’ਚ ਤੁਸੀਂ ਯਕੀਨ ਕਰਦੇ ਹੋ, ਉਸ ਨੂੰ ਲੈ ਕੇ ਕਦੇ ਹਾਰ ਨਾ ਮੰਨਣੀ ਵੀ ਸਿਖਾਈ ਹੈ। ਤੁਸੀਂ ਤੇ ਤੁਹਾਡੀ ਟੀਮ ਨੇ ਇਨ੍ਹਾਂ 25 ਦਿਨਾਂ ’ਚ ਸਖ਼ਤ ਮੁਕਾਬਲਾ ਕੀਤਾ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਤੁਹਾਡੇ ’ਤੇ ਯਕੀਨ ਕੀਤਾ ਤੇ ਤੁਹਾਨੂੰ ਵੋਟਾਂ ਪਾਈਆਂ। ਇਹ ਸਾਡੀਆਂ ਆਖਰੀ ਚੋਣਾਂ ਨਹੀਂ ਹਨ।’

ਪਰਮੀਸ਼ ਨੇ ਅੱਗੇ ਲਿਖਿਆ, ‘ਮੈਂ ਭੀੜ ਦੇ ਅੱਗੇ ਖੜ੍ਹਾ ਹੋਇਆ, ਸੋਲਡ ਆਊਟ ਸ਼ੋਅਜ਼ ਕੀਤੇ ਤੇ ਧਮਾਕੇਦਾਰ ਪੇਸ਼ਕਾਰੀਆਂ ਦਿੱਤੀਆਂ ਪਰ ਮੈਨੂੰ ਤੁਹਾਡੇ ਨਾਲ ਖੜ੍ਹਨ ਤੋਂ ਜ਼ਿਆਦਾ ਮਾਣ ਹੋਰ ਕਿਤੇ ਵੀ ਮਹਿਸੂਸ ਨਹੀਂ ਹੋਇਆ। ਮੈਂ ਕੁਝ ਵੀ ਨਹੀਂ ਹਾਂ ਪਰ ਮੈਨੂੰ ਤੁਹਾਡੇ ’ਤੇ ਮਾਣ ਹੈ। ਬਹੁਤ ਸਾਰਾ ਪਿਆਰ ਗੀਤ ਗਰੇਵਾਲ।’