AAP MLA ਦੇ ਵਿਆਹ ‘ਤੇ Canada ਬੈਠੀ ਧੀ ਨੇ Social Media ਉੱਤੇ Troll ਕਰਨ ਵਾਲਿਆਂ ਨੂੰ ਦਿੱਤਾ Reply

765

”ਅਤੇ ਜਿਸ ਔਰਤ ਨੂੰ ਤੁਸੀਂ ਟ੍ਰੋਲ ਕਰ ਰਹੇ ਹੋ, ਉਹ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹਨ। ਮੈਂ ਉਨ੍ਹਾਂ ਦਾ ਪੂਰੇ ਦਿਲ ਨਾਲ ਸਤਿਕਾਰ ਕਰਦੀ ਹਾਂ।”

ਇਹ ਸ਼ਬਦ ਹਨ ਆਮ ਆਦਮੀ ਪਾਰਟੀ ਆਗੂ ਰਣਬੀਰ ਸਿੰਘ ਭੁੱਲਰ ਦੀ ਧੀ ਸੁਖਮਨੀ ਭੁੱਲਰ ਦੇ, ਜਿਨ੍ਹਾਂ ਨੇ ਆਪਣੇ ਪਿਤਾ ਦੇ ਦੂਜੇ ਵਿਆਹ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਬੜੇ ਹੀ ਸਾਧਾਰਨ ਤੇ ਸਹਿਜ ਢੰਗ ਨਾਲ ਪਰ ਕਰਾਰਾ ਜਵਾਬ ਦਿੱਤਾ ਹੈ।

ਪੰਜਾਬ ਦੇ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਰਣਬੀਰ ਸਿੰਘ ਭੁੱਲਰ ਇਨ੍ਹਾਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ।ਲੰਘੀ 29 ਜਨਵਰੀ ਨੂੰ ਉਨ੍ਹਾਂ ਨੇ ਡਾ. ਅਮਨਦੀਪ ਕੌਰ ਗੋਸਲ ਨਾਲ ਵਿਆਹ ਕਰਵਾਇਆ ਹੈ।

ਰਣਬੀਰ ਭੁੱਲਰ ਅਤੇ ਅਮਨਦੀਪ ਗੋਸਲ ਦੇ ਵਿਆਹ ਨੂੰ ਲੈ ਕੇ ਵੱਖ-ਵੱਖ ਸਿਆਸੀ ਹਸਤੀਆਂ ਤੇ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ ਪਰ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਇਤਰਾਜ਼ ਵੀ ਜਤਾਇਆ।ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਤੋਂ ਇਸ ਗੱਲ ਦੀ ਝਲਕ ਮਿਲੀ ਕਿ ਉਨ੍ਹਾਂ ਕੁਝ ਲੋਕਾਂ ਨੂੰ ਇੱਕ ਐੱਮਐੱਲਏ ਵੱਲੋਂ ਵੱਡੀ ਉਮਰ ‘ਚ ਦੂਜਾ ਵਿਆਹ ਕਰਾਉਣਾ ਕੁਝ ਠੀਕ ਨਹੀਂ ਲੱਗਿਆ।

ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੇ ਆਪਣੇ ਪਿਤਾ ਦੇ ਸਮਰਥਨ ‘ਚ ਇੱਕ ਭਾਵੁਕ ਪੋਸਟ ਲਿਖੀ।ਉਨ੍ਹਾਂ ਤੋਂ ਇਲਾਵਾ ਰਣਬੀਰ ਦੇ ਪਤਨੀ ਅਮਨਦੀਪ ਕੌਰ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਕੁਝ ਗੱਲਾਂ ਲਿਖੀਆਂ ਹਨ।

ਰਣਬੀਰ ਭੁੱਲਰ ਦੇ ਧੀ ਇਸ ਵੇਲੇ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਇਸ ਵਿਆਹ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ।ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਉਨ੍ਹਾਂ ਨੇ ਆਪ ਅੱਗੇ ਆ ਕੇ ਇਕ ਲੰਮੀ ਪੋਸਟ ਲਿਖੀ ਤੇ ਸਹਿਜ ਸ਼ਬਦਾਂ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਪ੍ਰਤੀ ਸੁਹਿਰਦ ਰਹਿਣ।

ਉਨ੍ਹਾਂ ਲਿਖਿਆ, ”ਅੱਜ ਜਦੋਂ ਮੈਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ, ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕੁਝ ਚੀਜ਼ਾਂ ਸਾਫ਼ ਕਰਨੀਆਂ ਚਾਹੀਦੀਆਂ ਹਨ।

ਮੈਂ ਆਪਣੀ ਮਾਂ ਨੂੰ ਕੈਂਸਰ ਨਾਲ 7 ਸਾਲਾਂ ਤੱਕ ਸੰਘਰਸ਼ ਤੋਂ ਬਾਅਦ, 2019 ਵਿੱਚ ਗੁਆ ਦਿੱਤਾ। ਇਹ ਸਾਡੇ ਲਈ ਇੱਕ ਔਖਾ ਸਮਾਂ ਸੀ.. ਪਰ ਮੇਰੇ ਪਿਤਾ ਨੇ ਕਦੇ ਵੀ ਹਾਰ ਨਹੀਂ ਮੰਨੀ, ਉਹ ਹਮੇਸ਼ਾ ਚਮਤਕਾਰਾਂ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਕ ਪੂਰੀ ਕੋਸ਼ਿਸ਼ ਕੀਤੀ ਕਿ ਅਜਿਹਾ ਕੋਈ ਚਮਤਕਾਰ ਹੋ ਜਾਵੇ।

ਮੈਂ ਅਤੇ ਮੇਰਾ ਭਰਾ ਗਵਾਹ ਹਾਂ.. ਉਹ ਕਹਿੰਦੇ ਹਨ ਕਿ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਅਤੇ ਮੈਂ ਇਹ ਪਾਠ ਜੀਵਨ ਦੇ ਇਸ ਪੜਾਅ ਵਿੱਚ ਰਹਿੰਦੀਆਂ ਸਿੱਖਿਆ ਹੈ.. ਪਰ ਫਿਰ ਵੀ ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਇਸ ਵਿੱਚੋਂ ਲੰਘੇ, ਪਰ ਕਿਸਮਤ ਤੋਂ ਜਿੱਤ ਨਾ ਸਕੇ।

ਮੇਰੇ ਪਿਤਾ, ਮੇਰੀ ਮਾਂ ਨੂੰ ਪਿਆਰ ਕਰਦੇ ਸਨ ਅਤੇ ਮੈਨੂੰ ਇਸ ਗੱਲ ‘ਤੇ ਸ਼ੱਕ ਕਰਨ ਦੀ ਜ਼ਰੂਰਤ ਵੀ ਨਹੀਂ ਹੈ।ਉਹ ਆਦਮੀ ਜਿਸ ਨੇ ਆਪਣਾ ਜੀਵਨ ਆਪਣੇ ਸਿਆਸੀ ਕਰੀਅਰ ਅਤੇ ਆਪਣੀ ਬੀਮਾਰ ਪਤਨੀ ਨੂੰ ਸਮਰਪਿਤ ਕੀਤਾ ਹੋਵੇ, ਕੀ ਉਸ ਨੂੰ ਖੁਸ਼ ਰਹਿਣ ਦਾ ਕੋਈ ਹੱਕ ਨਹੀਂ ਹੈ? ਕੀ ਉਸਨੂੰ ਖੁਸ਼ੀ ਨਾਲ ਜਿਉਣ ਦਾ ਕੋਈ ਹੱਕ ਨਹੀਂ ਹੈ? ਮੈਂ ਉਸਦੀ ਧੀ ਹਾਂ ਅਤੇ ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਨਾ ਹੀ ਮੈਨੂੰ ਲੱਗਦਾ ਹੈ ਕਿ ਇਹ ਗਲਤ ਹੈ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਹ ਸਭ ਤੋਂ ਚੰਗੇ ਪਿਤਾ, ਪਿਆਰ ਕਰਨ ਵਾਲਾ ਪਤੀ, ਫਰਜ਼ ਨਿਭਾਉਣ ਵਾਲਾ ਪੁੱਤਰ ਅਤੇ ਇੱਕ ਇਮਾਨਦਾਰ ਵਿਅਕਤੀ ਹਨ ਅਤੇ ਉਹ ਖੁਸ਼ ਰਹਿਣ ਦੇ ਹੱਕਦਾਰ ਹਨ।ਅਤੇ ਜਿਸ ਔਰਤ ਨੂੰ ਤੁਸੀਂ ਟ੍ਰੋਲ ਕਰ ਰਹੇ ਹੋ, ਉਹ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹਨ। ਮੈਂ ਉਨ੍ਹਾਂ ਦਾ ਪੂਰੇ ਦਿਲ ਨਾਲ ਸਤਿਕਾਰ ਕਰਦੀ ਹਾਂ।

ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਸਾਰਿਆਂ ਦਾ ਆਦਰ ਕਰੋ ਅਤੇ ਸੁਹਿਰਦ ਰਹੋ।”ਇਹ ਉਹ ਪਿਆਰ ਸੀ ਜੋ ਪਵਿੱਤਰ ਹੈ ਪਰ ਅੱਜ ਲੋਕ ਇਸ ‘ਤੇ ਸਵਾਲ ਚੁੱਕ ਰਹੇ ਹਨ ਕਿਉਂਕਿ ਮੇਰੇ ਪਿਤਾ ਨੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਆਪਣੀ ਇੱਕ ਦੋਸਤ ਦੇ ਨਾਲ ਜਿਨ੍ਹਾਂ ਨੇ ਵੀ ਸੰਘਰਸ਼ ਭਰਿਆ ਜੀਵਨ ਬਤੀਤ ਕੀਤਾ, ਪਰ ਕਦੀ ਹਾਰ ਨਹੀਂ ਮੰਨੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਵੀ ਇਸ ਸਬੰਧੀ ਇੱਕ ਸੋਸ਼ਲ ਪੋਸਟ ਜਾਰੀ ਕੀਤੀ ‘ਤੇ ਲਿਖਿਆ ਕਿ ਇਸ ਤਰੀਕੇ ਨਾਲ ਉਨ੍ਹਾਂ ਦੇ ਵਿਆਹ ‘ਤੇ ਇਤਰਾਜ਼ ਜਤਾਉਣਾ ਠੀਕ ਨਹੀਂ।

ਹਾਲਾਂਕਿ ਇਸੇ ਪੋਸਟ ਰਾਹੀਂ ਉਨ੍ਹਾਂ ਨੇ ‘ਆਪ’ ਪਾਰਟੀ ‘ਤੇ ਤੰਜ ਵੀ ਕੱਸ ਦਿੱਤਾ। ਉਨ੍ਹਾਂ ਲਿਖਿਆ, ”ਜਿਹੜੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਦੂਜਿਆਂ ਦੇ ਝੂਠੇ ਟਰੋਲ ਕਰ-ਕਰ ਕੇ ਆਪ ਸਰਕਾਰ ਵਿੱਚ ਆਈ ਹੈ ਹੁਣ ਰੋਜ਼ਾਨਾ ਉਸੇ ਟਰੋਲਾਂ ਦਾ ਕੁਝ ਸੱਚਿਆਂ ਦਾ ਤੇ ਕੁਝ ਝੂਠਿਆਂ ਟਰੋਲਾਂ ਦਾ ਵੀ ਸ਼ਿਕਾਰ ਹੋਣਾ ਪੈਦਾ ਹੈ।”

”ਪਰ ਸੋਸ਼ਲ ਮੀਡੀਆ ਦਾ ਇਹ ਵਰਤਾਰਾ ਬਹੁੱਤ ਮੰਦਭਾਗਾ ਹੈ।”ਐੱਸਜੀਜੀਐੱਸ ਕਾਲਜ (ਖ਼ਾਲਸਾ) ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫ਼ੈਸਰ ਹਰਜੇਸ਼ਵਰ ਪਾਲ ਨੇ ਆਪਣੇ ਮਿੱਤਰ ਰਣਬੀਰ ਭੁੱਲਰ ਤੇ ਅਮਨਦੀਪ ਕੌਰ ਨੂੰ ਨਵਾਂ ਜੀਵਨ ਸ਼ੁਰੂ ਕਰਨ ‘ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੋਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਬਹੁਤ ਮਾੜੀ ਗੱਲ ਹੈ।

ਡਾਕਟਰ ਅਮਨਦੀਪ ਨੇ ਇੱਕ ਸ਼ੋਸ਼ਲ ਮੀਡੀਆ ਪੋਸਟ ‘ਚ ਕੁਝ ਚੈਨਲਾਂ ਵੱਲੋਂ ਰਣਬੀਰ ਭੁੱਲਰ ਦੀ ਉਮਰ ਗਲਤ ਦੱਸੇ ਜਾਣ ‘ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ”ਇਹ ਠੀਕ ਨਹੀਂ ਹੈ”।

ਉਨ੍ਹਾਂ ਨੇ ਧੀ ਸੁਖਮਨੀ ਦੇ ਪੱਤਰ ਨੂੰ ਵੀ ਸਾਂਝਾ ਕੀਤੀ ਤੇ ਲਿਖਿਆ, ”ਮੈਨੂੰ ਤੁਹਾਡੇ ‘ਤੇ ਮਾਣ ਹੈ ਸੁਖਮਨੀ ਭੁੱਲਰ”।ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਮੀਡੀਆ ਵੱਲੋਂ, ਸੁਖਮਨੀ ਭੁੱਲਰ ਵੱਲੋਂ ਸ਼ੇਅਰ ਕੀਤੀ ਪੋਸਟ ਬਾਰੇ ਵੀਡੀਓ ਅਤੇ ਰਿਪੋਰਟਾਂ ਨੂੰ ਵੀ ਸਾਂਝਾ ਕੀਤਾ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਅਤੇ ਰਣਬੀਰ ਭੁੱਲਰ ਦੀ ਫੋਟੋ ਸ਼ੇਅਰ ਕਰਕੇ ਸਭ ਦਾ ਧੰਨਵਾਦ ਅਦਾ ਕੀਤਾ ਸੀ ਅਤੇ ਆਪਣੇ ਨਵੇਂ ਜੀਵਨ ਲਈ ਆਸ਼ੀਰਵਾਦ ਮੰਗਿਆ ਸੀ। ‘ਆਪ’ ਆਗੂ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਆਪ ਅੱਗੇ ਹੋ ਕੇ ਉਨ੍ਹਾਂ ਨੂੰ ਇਸ ਵਿਆਹ ਲਈ ਮਨਾਇਆ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ 2 ਕੁ ਸਾਲ ਪਹਿਲਾਂ ਉਨ੍ਹਾਂ ਅਤੇ ਅਮਨਦੀਪ ਬਾਰੇ ਗੱਲਬਾਤ ਛੇੜੀ ਸੀ। ਜਿਸ ਤੋਂ ਬਾਅਦ ਰਣਬੀਰ ਨੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਦੱਸਿਆ।

ਰਣਬੀਰ ਮੁਤਾਬਕ, ਇਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਹੀ ਜ਼ਿਆਦਾਤਰ ਅਮਨਦੀਪ ਦੇ ਸੰਪਰਕ ‘ਚ ਰਹੇ ਅਤੇ ਕੁਝ ਸਮੇਂ ਬਾਅਦ ਇਹ ਵੀ ਬੱਚਿਆਂ ਦਾ ਹੀ ਫੈਸਲਾ ਸੀ ਕਿ ਦੋਵਾਂ ਦਾ ਵਿਆਹ ਹੋ ਜਾਵੇ।ਰਣਬੀਰ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਇਕੱਲਾਪਣ ਮਹਿਸੂਸ ਕਰਦੇ ਸਨ। ਬੱਚੇ ਹਰ ਗੱਲ ਬਾਪ ਨਾਲ ਨਹੀਂ ਕਰ ਸਕਦੇ।

ਇਸ ਫੈਸਲੇ ‘ਚ ਰਣਬੀਰ ਦੇ ਪਰਿਵਾਰ ਤੇ ਦੋਸਤਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।ਉਹ ਆਪ ਦੱਸਦੇ ਹਨ ਕਿ ਰਿਸ਼ਤੇਦਾਰ ਤਾਂ ਪਹਿਲਾਂ ਵੀ ਵਿਆਹ ਦੀ ਗੱਲ ਕਰਦੇ ਸਨ, ਪਰ ਰਣਬੀਰ ਨੇ ਕਦੇ ਆਪਣੇ ਬੱਚਿਆਂ ਅੱਗੇ ਇਹ ਗੱਲ ਨਹੀਂ ਰੱਖੀ। ਇਸ ਲਈ ਉਨ੍ਹਾਂ ਦੇ ਕਰੀਬੀਆਂ ਨੇ ਸੋਚਿਆ ਕਿ ਬੱਚਿਆਂ ਰਾਹੀਂ ਹੀ ਰਣਬੀਰ ਨੂੰ ਮਨਾਇਆ ਜਾਵੇ।

ਆਪਣੇ ਪਤਨੀ ਅਮਨਦੀਪ ਬਾਰੇ ਦੱਸਦਿਆਂ ਉਹ ਕਹਿੰਦੇ ਹਨ ਕਿ ਅਮਨਦੀਪ ਨੇ ਸਾਇੰਸ ਸਟ੍ਰੀਮ ‘ਚ ਪੀਐੱਚਡੀ ਕੀਤੀ ਹੈ ਅਤੇ ਪਿਛਲੇ ਕੁਝ ਸਮੇਂ ਤੱਕ ਵੱਖ-ਵੱਖ ਥਾਵਾਂ ‘ਤੇ ਨੌਕਰੀ ਵੀ ਕੀਤੀ ਹੈ।ਆਪਣੇ ਵਿਆਹ ਬਾਰੇ ਆ ਰਹੀਆਂ ਨਕਾਰਾਤਮਕ ਪ੍ਰਤੀਕਿਰਿਆਵਾਂ ਬਾਰੇ ਉਨ੍ਹਾਂ ਕਿਹਾ, ”ਸਭ ‘ਚ ਪਰਮਾਤਮਾ ਹੁੰਦਾ ਹੈ, ਜੋ ਕੋਈ ਚੰਗਾ-ਮਾੜਾ ਕਹਿੰਦਾ ਹੈ ਪਰਮਾਤਮਾ ਹੀ ਉਨ੍ਹਾਂ ਤੋਂ ਕਰਵਾਉਂਦਾ ਹੋਵੇਗਾ।”

ਉਹ ਅੱਗੇ ਕਹਿੰਦੇ ਹਨ, ”ਕਿਸੇ ਦੀ ਸੋਚ, ਸਥਿਤੀ ‘ਤੇ ਹਾਲਾਤਾਂ ਦਾ ਆਪਾਂ ਨੂੰ ਕੀ ਪਤਾ.. ਕੀ ਪਤਾ ਕੋਈ ਕਿਸੇ ਮਜ਼ਬੂਰੀ ‘ਚ ਕੁਝ ਕਹਿੰਦਾ ਹੋਵੇ।”

ਰਣਬੀਰ ਮੁਤਾਬਕ, ਉਨ੍ਹਾਂ ਦੇ ਹਲਕੇ ਦੇ ਲੋਕ ਉਨ੍ਹਾਂ ਦੇ ਚਰਿੱਤਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਕਿਹਾ। ਜੋ ਕਹਿੰਦੇ ਹਨ ਉਹ ਮੇਰੇ ਤੋਂ ਅਣਜਾਣ ਹਨ ਤੇ ਅਣਜਾਣ ਲੋਕਾਂ ਨੂੰ ਮੇਰੇ ਬਾਰੇ ਕੀ ਪਤਾ।

ਰਣਬੀਰ ਅਜਿਹੀਆਂ ਪ੍ਰਤੀਕਿਰਿਆਵਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਗੁੱਸਾ ਨਹੀਂ।