ਮੈਲਬੌਰਨ ਵੱਸਦਾ ਪੰਜਾਬੀ ਭਾਈਚਾਰਾ ਤਾਂ ਇਸ ਨਾਮ ਤੋਂ ਵਾਕਫ਼ ਹੀ ਸੀ। ਲਗਪਗ ਡੇਢ ਦਹਾਕਾ ਪਹਿਲਾਂ ਜਦੋਂ ਪਟਿਆਲਾ ਜਿਲ੍ਹੇ ਦੇ ਪਿੰਡ ਲੰਗ ਤੋਂ ਉਹ ਆਸਟ੍ਰੇਲੀਆ ਆਇਆ ਤਾਂ ਉਸਦੀ ਅੱਖਾਂ ਵਿੱਚ ਸੁਫਨੇ ਸਨ। ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ (ਵੱਡੀ ਲੜਕੀ ਅਤੇ ਛੋਟਾ ਲੜਕਾ) ਨਾਲ ਪਰਿਵਾਰ ਹਾਸੇ ਖੇਡੇ ‘ਚ ਜੀਵਨ ਬਸਰ ਕਰ ਰਿਹਾ ਸੀ। ਪਰ ਬੀਤੀ ਕੱਲ੍ਹ ਨਿੰਮੇ ਦੀ ਹੋਈ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।
ਪਟਿਆਲੇ ਦੇ ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਨਿੰਮਾ ਗਾਇਕੀ ਦੇ ਖੇਤਰ ਵਿੱਚ ਚੰਗਾ ਮੁਕਾਮ ਹਾਸਲ ਕਰ ਰਿਹਾ ਸੀ। ਕੈਨਬਰਾ ਵੱਸਦੇ ਉਸਦੇ ਕਾਲਜ ਦੇ ਮਿੱਤਰ ਪਰਮਦੀਪ ਸਿੰਘ ਨਰੈਣ ਨੇ ਇੱਕ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਵਾਰ ਉਹਨਾਂ ਦਾ ਯੂਨੀਵਰਸਿਟੀ ਪੱਧਰ ਦਾ ਭੰਗੜਾ ਮੁਕਾਬਲਾ ਚੱਲ ਰਿਹਾ ਸੀ। ਨਿੰਮਾ ਹਮੇਸ਼ਾ ਦੀ ਤਰ੍ਹਾਂ ਬੋਲੀਆਂ ਪਾ ਰਿਹਾ ਸੀ, ਅਚਾਨਕ ਉਹ ਆਖਿਰੀ ਬੋਲੀ ਭੁੱਲ ਗਿਆ, ਪਰ ਡੋਲਿਆ ਨਹੀਂ। ਉਸਨੇ ਉਹਨੀਂ ਦਿਨੀਂ ਜਲੰਧਰ ਦੂਰਦਰਸ਼ਨ ‘ਤੇ ਆਉਂਦੇ ਕਲਸੀ ਪੰਪ ਦੇ ਇਸ਼ਤਿਹਾਰ ਨੂੰ ਹੀ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਹਾਲ ਚ ਸੀਟੀਆਂ ਤਾੜੀਆਂ ਗੂੰਜ ਉਠੀਆਂ।
ਅੱਜ ਆਸਟ੍ਰੇਲੀਆ ਵੱਸਦਾ ਸਮੂਹ ਭਾਈਚਾਰਾ ਨਿੰਮਾ ਖਰੌੜ ਦੀ ਮੌਤ ਤੋਂ ਬੇਹੱਦ ਸਦਮੇ ਵਿੱਚ ਹੈ।