ਜਹਾਜ਼ ‘ਚ ਮਹਿਲਾ ਯਾਤਰੀ ਨਾਲ ਬਦਸਲੂਕੀ ਦਾ ਮਾਮਲਾ: ਏਅਰ ਇੰਡੀਆ ਨੇ ਡੀ.ਜੀ.ਸੀ.ਏ. ਨੂੰ ਭੇਜਿਆ ਇਹ ਜਵਾਬ
ਨਵੀਂ ਦਿੱਲੀ, 5 ਜਨਵਰੀ-ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ ਨਾਲ ਬਦਸਲੂਕੀ ਕਰਨ ਦਾ ਮਾਮਲਾ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਟਾਟਾ ਸਮੂਹ ਦੀ ਮਲਕੀਅਤ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਵੀਰਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੂੰ ਜਵਾਬ ਭੇਜਿਆ ਹੈ। ਏਅਰ ਇੰਡੀਆ ਨੇ ਡੀ.ਜੀ.ਸੀ.ਏ. ਨੂੰ ਦੱਸਿਆ ਕਿ ਨਿਊਯਾਰਕ-ਦਿੱਲੀ ਉਡਾਣ ਵਿਚ ਮੁੰਬਈ ਦੇ ਇਕ ਕਾਰੋਬਾਰੀ ਵਲੋਂ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕੀਤੇ ਜਾਣ ਦੀ ਇਸ ਲਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਕਿਉਂਕਿ ਅਜਿਹਾ ਲੱਗਦਾ ਸੀ ਕਿ ਦੋਹਾਂ ਪੱਖਾਂ ਵਿਚਾਲੇ ਸਮਝੌਤਾ ਹੋ ਗਿਆ।
ਮਹਿਲਾ ਨੇ ਵੀ ਕਾਰਵਾਈ ਲਈ ਆਪਣੀ ਬੇਨਤੀ ਵਾਪਸ ਲੈ ਲਈ ਸੀ। ਦੱਸ ਦੇਈਏ ਕਿ ਏਅਰ ਇੰਡੀਆ ਨੇ 4 ਜਨਵਰੀ ਦੇ ਨੋਟਿਸ ‘ਤੇ ਵੀਰਵਾਰ ਨੂੰ ਡੀ.ਜੀ.ਸੀ.ਏ. ਨੂੰ ਜਵਾਬ ਭੇਜਿਆ। ਇਸ ਵਿਚ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ ਏ.ਆਈ.-102 ‘ਚ ਵਾਪਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਜਹਾਜ਼ ਦੇ ਬਿਜ਼ਨੈੱਸ ਕਲਾਸ ਵਿਚ ਸਵਾਰ ਦੋਸ਼ੀ ਸ਼ਖ਼ਸ ‘ਤੇ ਅੰਦਰੂਨੀ ਕਮੇਟੀ ਦੀ ਰਿਪੋਰਟ ਆਉਣ ਤੱਕ 30 ਦਿਨ ਲਈ ਏਅਰ ਇੰਡੀਆ ਦੇ ਜਹਾਜ਼ ਵਿਚ ਸਵਾਰ ਹੋਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।