ਕੈਨੇਡਾ – 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ

972

ਕੈਨੇਡਾ ‘ਚ ਮੌਤਾਂ ਦਾ ਸਿਲਸਿਲਾ ਜਾਰੀ…..!

ਸਰੀ ਰਹਿੰਦੇ ਇੱਕ 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਬੇਸ਼ੱਕ ਮੌਤ 2 ਦਸੰਬਰ ਨੂੰ ਹੋਈ ਪਰ ਕੋਈ ਵੀ ਪਰਿਵਾਰਕ ਜੀਅ ਇੱਥੇ ਨਾ ਹੋਣ ਕਰਕੇ ਪਰਿਵਾਰ ਰਾਹੀਂ ਪਤਾ ਹੁਣ ਲੱਗਾ ਹੈ। ਮੌਤ ਤੋਂ ਪਹਿਲਾਂ ਇਹ ਨੌਜਵਾਨ ਭਾਰੀ ਮਾਨਸਿਕ ਤਣਾਅ ਦੇ ਚਲਦਿਆਂ ਦੋ ਕੁ ਮਹੀਨੇ ਸਰੀ ਮੈਮੋਰੀਅਲ ਹਸਪਤਾਲ ਵੀ ਦਾਖਲ ਰਿਹਾ। ਗੁਰਵਿੰਦਰਜੀਤ 2016 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ 2018 ਵਿੱਚ ਉਸਨੂੰ ਪੀ ਆਰ ਮਿਲ ਗਈ ਸੀ।

ਮ੍ਰਿਤਕ ਦਾ ਭਰਾ ਤੇ ਮਾਤਾ ਨਿਊਜ਼ੀਲੈਂਡ ਰਹਿੰਦੇ ਹਨ ਜਦਕਿ ਪਿਤਾ ਦੁਬਈ ‘ਚ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਆਟੋਪਸੀ (ਪੋਸਟ ਮਾਰਟਮ) ਹੋਣ ਨੂੰ ਕੁਝ ਹਫਤੇ ਲੱਗਣਗੇ, ਫਿਰ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।

ਗੁਰਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਪੱਤੀ ਨਬੀ ਬਖਸ਼, ਡਾਕਖਾਨਾ ਠੱਟਾ, ਨਜ਼ਦੀਕ ਸੁਲਤਾਨਪੁਰ ਲੋਧੀ ਸੀ। ਪਰਿਵਾਰ ਵਲੋਂ ਮ੍ਰਿਤਕ ਸਰੀਰ ਪੰਜਾਬ ਲਿਜਾਇਆ ਜਾਵੇਗਾ।

ਇਸੇ ਤਰਾਂ 38 ਸਾਲਾ ਪੰਜਾਬੀ ਅਮਰਿੰਦਰ ਸਿੰਘ ਦੀ ਸਰੀ ਵਿਖੇ ਕੰਮ ਦੌਰਾਨ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਸਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ।

ਇੰਜੀਨੀਅਰ ਅਮਰਿੰਦਰ ਸਿੰਘ ਪੰਜਾਬ ਦੇ ਮੋਹਾਲੀ ਸ਼ਹਿਰ ਦਾ ਰਹਿਣ ਵਾਲਾ ਸੀ, ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਿਆ ਹੈ।

ਤਸਵੀਰਾਂ: ਦਸਤਾਰ ਤੋਂ ਬਿਨਾ-ਗੁਰਵਿੰਦਰਜੀਤ ਸਿੰਘ ਅਤੇ ਦਸਤਾਰਧਾਰੀ-ਅਮਰਿੰਦਰ ਸਿੰਘ
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ