ਪੰਜਾਬ ਦੀ ਇਕ ਹੋਰ ਕੁੜੀ ਸਹੁਰੇ ਪਰਿਵਾਰ ਦੇ 55 ਲੱਖ ਲਵਾ ਕੇ ਕੈਨੇਡਾ ਪੁੱਜਣ ਮਗਰੋਂ ਬਦਲੀ

1075

ਪੰਜਾਬ ਦੀ ਇਕ ਹੋਰ ਲਵਪ੍ਰੀਤ ਕੌਰ ਦਾ ਕਾਰਾ, ਸਹੁਰੇ ਪਰਿਵਾਰ ਦੇ 55 ਲੱਖ ਲਵਾ ਕੇ ਕੈਨੇਡਾ ਪੁੱਜਣ ਮਗਰੋਂ ਬਦਲੇ ਰੰਗ

ਕੈਨੇਡਾ ’ਚ ਬੈਠੀ ਪੰਜਾਬ ਦੀ ਇਕ ਹੋਰ ਲਵਪ੍ਰੀਤ ਸਾਹਮਣੇ ਆਈ ਹੈ, ਜੋ ਆਪਣੇ ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾ ਕੇ ਕੈਨੇਡਾ ਪਹੁੰਚੀ ਅਤੇ ਉਥੇ ਜਾ ਕੇ ਉਸ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲਾਕ ਕਰ ਦਿੱਤਾ। ਪੁਲਸ ਨੇ ਪੀੜਤ ਜਿੰਮੀ ਵਰਮਾ ਪੁੱਤਰ ਸੰਜੀਵ ਵਰਮਾ ਵਾਸੀ ਗਲੀ ਨੰਬਰ-2 ਨੇੜੇ ਕਰਤਾਰ ਸਿੰਘ ਟਿਊਬਵੈੱਲ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਲਵਪ੍ਰੀਤ ਕੌਰ ਪੁੱਤਰੀ ਸਵ. ਰਾਜ ਕੁਮਾਰ ਅਤੇ ਰੇਨੂ ਬਾਲਾ ਪਤਨੀ ਸਵ. ਰਾਜ ਕੁਮਾਰ ਵਾਸੀ ਵਾਰਡ ਨੰਬਰ-3 ਨੇੜੇ ਜਿੰਦਲ ਨਰਸਿੰਗ ਹੋਮ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਵਿਆਹ 14 ਅਕਤੂਬਰ 2016 ਨੂੰ ਲਵਪ੍ਰੀਤ ਕੌਰ ਨਾਲ ਹੋਇਆ ਸੀ।

ਲਵਪ੍ਰੀਤ ਪੜ੍ਹੀ-ਲਿਖੀ ਹੈ, ਜਿਸ ਕਾਰਨ ਉਹ ਉਸ ਦੇ ਆਪਣੇ ਪਰਿਵਾਰ ’ਚ ਰਹਿੰਦਿਆਂ ਆਈਲੈਟਸ ਦੀ ਤਿਆਰੀ ਕਰਨ ਲੱਗੀ ਅਤੇ ਚੰਗੇ ਬੈਂਡ ਹਾਸਲ ਕੀਤੇ। ਲਵਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਤੱਕ ਪਰਿਵਾਰ ਵੱਲੋਂ ਕਰੀਬ 22 ਲੱਖ ਰੁਪਏ ਖ਼ਰਚ ਕੀਤੇ ਗਏ। ਕੈਨੇਡਾ ’ਚ ਆਪਣੀ ਪੜ੍ਹਾਈ ਦੌਰਾਨ ਉਹ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਅਤੇ ਪੜ੍ਹਾਈ ਦੌਰਾਨ ਉਹ ਉਸ ਦੀ ਮੰਗ ਅਨੁਸਾਰ ਪੈਸੇ ਭੇਜਦਾ ਰਿਹਾ ਸੀ। ਹੁਣ ਤੱਕ ਉਹ ਆਪਣੀ ਪਤਨੀ ਨੂੰ ਕਰੀਬ 55 ਲੱਖ ਰੁਪਏ ਭੇਜ ਚੁੱਕਾ ਹੈ।

ਮਈ 2022 ’ਚ ਉਹ ਆਪਣੀ ਪਤਨੀ ਕੋਲ ਕੈਨੇਡਾ ਰਹਿਣ ਲਈ ਗਿਆ ਸੀ ਤਾਂ ਉਸ ਦਾ ਰਵੱਈਆ ਉਸ ਪ੍ਰਤੀ ਠੀਕ ਨਹੀਂ ਸੀ। ਭਾਰਤ ਆਉਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਸ ਦਾ ਨੰਬਰ ਬਲਾਕ ਦਿੱਤਾ ਗਿਆ। ਜਦੋਂ ਉਨ੍ਹਾਂ ਲਵਪ੍ਰੀਤ ਕੌਰ ਦੀ ਮਾਤਾ ਰੇਨੂੰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਪਰਿਵਾਰ ਵੀ ਉਸ ਦੀ ਹਾਂ ’ਚ ਹਾਂ ਮਿਲਾਉਣ ਲੱਗਾ। ਆਖਿਰਕਾਰ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਲਵਪ੍ਰੀਤ ਅਤੇ ਉਸ ਦੀ ਮਾਤਾ ਰੇਨੂੰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਵਿਦੇਸ਼ ਜਾਣ ਦੀ ਲਾਲਸਾ ’ਚ ਠੱਗੀ ਤੋਂ ਬਚੋ : ਐੱਸ. ਐੱਸ. ਪੀ.
ਦੂਜੇ ਪਾਸੇ ਖੰਨਾ ਦੇ ਐੱਸ. ਐੱਸ. ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਦੀ ਲਾਲਸਾ ’ਚ ਅਜਿਹੀ ਠੱਗੀ ਤੋਂ ਬਚਣ। ਉਨ੍ਹਾਂ ਕਿਹਾ ਕਿ ਅੱਜਕਲ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਝਾਂਸੇ ’ਚ ਲੈ ਕੇ ਲੱਖਾਂ ਰੁਪਏ ਖ਼ਰਚਣ ਤੋਂ ਬਾਅਦ ਕੈਨੇਡਾ ਜਾਂ ਹੋਰ ਕਿਸੇ ਦੇਸ਼ ’ਚ ਜਾ ਕੇ ਸਹੁਰੇ ਪਰਿਵਾਰ ਵਾਲਿਆਂ ਨੂੰ ਠੱਗਿਆ ਜਾ ਰਿਹਾ ਹੈ। ਖੰਨਾ ’ਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਆਹ ਇਕ ਪਵਿੱਤਰ ਰਿਸ਼ਤਾ ਹੈ। ਇਸ ਰਿਸ਼ਤੇ ਦੇ ਨਾਂ ’ਤੇ ਕੋਈ ਸੌਦਾ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਅਜਿਹੀ ਡੀਲਿੰਗ ਲਈ ਮਜਬੂਰ ਕਰਦਾ ਹੈ ਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।