ਲਾੜੀ ਵਲੋਂ ਹੱਥ ਨਾਂ ਫੜਨ ਵਾਲੀ ਵਾਇਰਲ ਵੀਡੀਉ ਦੀ ਸੱਚਾਈ ਆਈ ਸਾਹਮਣੇ

1877

10 ਦਿਸੰਬਰ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਪੰਜਾਬੀ ਕਿਸਾਨ ਪਰਿਵਾਰਾਂ ਦੇ ਬੱਚਿਆਂ ਦਾ ਵਿਆਹ ਹੋਇਆ ਜਿਹਦੀ ਚਰਚਾ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਰਾਹੀਂ ਬਹੁਤ ਜ਼ਿਆਦਾ ਹੋਈ ਹੈ। ਇਸ ਬਹੁਤ ਹੀ ਮੰਦਭਾਗੀ ਘਟਨਾ ਦਾ ਅੰਤ ਭਾਵੇਂ ਹੋ ਗਿਆ ਹੈ, ਪਰ ਸਾਰੀ ਘਟਨਾ ਸ਼ਰਮਸਾਰ ਕਰਨ ਵਾਲੀ ਹੈ।

ਲਾੜੇ ਮੁਤਾਬਿਕ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਲਾਵਾਂ ਤੋਂ ਬਾਅਦ ਸਾਰਿਆਂ ਦੇ ਕਹਿਣ ‘ਤੇ ਇੱਕ ਰਸਮ ਮੁਤਾਬਿਕ ਲਾੜੇ ਨੇ ਲਾੜੀ ਦਾ ਹੱਥ ਫੜਿਆ ਤਾਂ ਉਹਨੇ ਝਟਕ ਕੇ ਛੁਡਾ ਲਿਆ। ਜਦੋਂ ਲਾੜੇ ਦੀ ਮਾਂ ਨੇ ਉਹਦਾ ਹੱਥ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਲਾੜੀ ਨੇ ਲਾੜੇ ਦੀ ਮਾਂ ਨੂੰ ਉਹਦੇ ਵਾਲਾਂ ਤੋਂ ਫੜ ਕੇ ਖਿੱਚ ਲਿਆ ਅਤੇ ਮਾਂ ਬੇਹੋਸ਼ ਹੋ ਗਈ। ਲਾੜਾ ਬੇਹੋਸ਼ ਮਾਂ ਨੂੰ ਇਲਾਜ ਲਈ ਲੈ ਗਿਆ ਅਤੇ ਲੜਕੀ ਵਾਲਿਆਂ ਨੇ ਕੋਤਵਾਲੀ ਜਾ ਕੇ ਸ਼ਿਕਾਇਤ ਕਰ ਦਿੱਤੀ।

ਕੋਤਵਾਲ ਦੇ ਸਾਹਮਣੇ ਹੋਈ ਗੱਲਬਾਤ ਵਿੱਚ ਗਲਤੀ ਲੜਕੀ ਦੀ ਨਿਕਲੀ ਅਤੇ ਸਾਰੇ ਪਰਿਵਾਰ ਨੇ ਮੁਆਫੀ ਵੀ ਮੰਗੀ, ਪਰ ਲੜਕੇ ਵਾਲਿਆਂ ਨੂੰ ਰਿਸ਼ਤਾ ਸਿਰੇ ਚੜ੍ਹਾਉਣਾ ਮਨਜ਼ੂਰ ਨਹੀਂ ਹੋਇਆ। ਅਖੀਰ ਲੜਕੀ ਵਾਲਿਆਂ ਨੇ ਵਿਆਹ ਉੱਤੇ ਕੀਤੇ ਖਰਚੇ ਲਈ ਤਿੰਨ ਲੱਖ ਰੁਪਏ ਮੰਗੇ ਅਤੇ ਇੱਕ ਲੱਖ ਰੁਪਏ ਦੇ ਕੇ ਤੋੜ ਵਿਛੋੜਾ ਹੋ ਗਿਆ।

ਸੋਸ਼ਲ ਮੀਡੀਆ ਉੱਤੇ ਬਹੁਤੀ ਥਾਂਈਂ ਇਸ ਘਟਨਾ ਨੂੰ ਹਾਸੇ ਮਜ਼ਾਕ ਵੱਜੋਂ ਲਿਆ ਗਿਆ ਹੈ, ਪਰ ਜਿਹਦੇ ਉੱਤੇ ਬਣਦੀ ਹੈ ਉਹਨੂੰ ਹੀ ਪਤਾ ਹੁੰਦਾ ਹੈ। ਅਗਰ ਅਸੀਂ ਦੋਹਾਂ ਧਿਰਾਂ ਵਿੱਚੋਂ ਕਿਸੇ ਪਾਸੇ ਦੇ ਵੀ ਮਾਪੇ ਬਣਕੇ ਸੋਚੀਏ ਤਾਂ ਇਹ ਘਟਨਾ ਅੰਦਰ ਤੱਕ ਹਿਲਾ ਕੇ ਰੱਖ ਦੇਣ ਵਾਲੀ ਹੈ।

ਰਿਸ਼ਤਾ ਕਰਵਾਉਣ ਵਾਲਾ ਦੋਹਾਂ ਧਿਰਾਂ ਦਾ ਹੀ ਰਿਸ਼ਤੇਦਾਰ ਹੈ, ਫਿਰ ਵੀ ਕਿਤੇ ਨਾ ਕਿਤੇ ਪਹਿਚਾਨਣ ਵਿੱਚ ਗਲਤੀ ਹੋ ਗਈ। ਤਾਂ ਹੀ ਕਹਿੰਦੇ ਨੇ ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏਂ । 😪
-ਇੰਦਰਜੀਤ ਕਮਲ