ਨਛੱਤਰ ਗਿੱਲ ਦੇ ਪਰਿਵਾਰ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ‘ਚ

1423

ਬੀਤੇ ਰਾਤ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਹਰ ਕੋਈ ਸਦਮੇ ਵਿਚ ਹੈ। ਖ਼ਬਰਾਂ ਹਨ ਕਿ ਨਛੱਤਰ ਗਿੱਲ ਦੀ ਪਤਨੀ ਨੂੰ ਕੈਂਸਰ ਦੀ ਬੀਮਾਰੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 14 ਨਵੰਬਰ ਨੂੰ ਉਨ੍ਹਾਂ ਦੀ ਧੀ ਸਰਪ੍ਰੀਤ ਕੌਰ ਦਾ ਵਿਆਹ ਹੋਇਆ ਸੀ ਅਤੇ 17 ਨਵੰਬਰ ਯਾਨੀਕਿ ਕੱਲ ਉਨ੍ਹਾਂ ਦੇ ਪੁੱਤਰ ਦਾ ਵਿਆਹ ਸੀ ਪਰ ਬਦਕਿਸਮਤੀ ਤਾਂ ਵੇਖੋ ਦਲਵਿੰਦਰ ਕੌਰ ਨੂੰ ਆਪਣੇ ਪੁੱਤਰ ਨੂੰ ਸਿਹਰਾ ਸਜਦਿਆਂ ਵੇਖਣਾ ਹੀ ਨਸੀਬ ਨਹੀਂ ਹੋਇਆ।

ਦੱਸ ਦਈਏ ਕਿ ਪ੍ਰਸਿੱਧ ਗੀਤਕਾਰ ਵਿਜੈ ਧੰਮੀ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ, ”ਨੀਲੀ ਛਤਰੀ ਵਾਲਾ ਬਹੁਤ ਡਾਹਢਾ ਹੈ… ਪ੍ਰਸਿੱਧ ਗਾਇਕ ਮੇਰੇ ਵੀਰ ਨਛੱਤਰ ਗਿੱਲ ਦੀ ਪਤਨੀ ਭੈਣ ਜੀ ਦਲਵਿੰਦਰ ਕੌਰ ਇਸ ਦੁਨੀਆਂ ਵਿਚ ਨਹੀਂ ਰਹੇ। 2 ਕੁ ਸਾਲ ਪਹਿਲਾਂ ਜਦੋਂ ਥੋੜਾ ਜਿਹਾ ਢਿੱਲੇ ਹੋਣ ਤੋਂ ਬਾਅਦ ਉਹ ਠੀਕ ਹੋਏ ਤਾਂ ਮੈਂ ਪਤਨੀ ਕਿਰਨ ਧੰਮੀ ਨਾਲ ਮਿਲਣ ਗਏ, ਕਾਫ਼ੀ ਸਮਾਂ ਗੱਲਾਂ ਕਰਦਿਆਂ ਹੱਸਦਿਆਂ-ਹਸਾਉਂਦਿਆਂ ਮਾਣਿਆ ਪਰ ਸਾਹ ਜਿੰਨੇ ਉਸ ਨੀਲੀ ਛਤਰੀ ਵਾਲੇ ਨੇ ਲਿਖੇ ਸਨ ਦਿਨ-ਬ-ਦਿਨ ਘਟਦੇ ਗਏ।

ਉਨ੍ਹਾਂ ਨੇ ਹੀ ਨਛੱਤਰ ਗਿੱਲ ਨੂੰ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਏ। ਇੰਨੀ ਦਿਨੀਂ ਬੇਟੀ ਸਰਪ੍ਰੀਤ ਕੌਰ ਤੇ ਬੇਟੇ ਮਨਵੀਰ ਸਿੰਘ ਦੇ ਵਿਆਹਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਖੁਸ਼ੀਆਂ ਮਾਣ ਰਹੇ ਸਨ। ਨਛੱਤਰ ਕਿਹੜੇ ਹਾਲਾਤ ਹੰਢਾ ਰਿਹਾ, ਕਿਵੇਂ ਹੰਢਾ ਰਿਹਾ ਹੈ ਇਹ ਅਸੀਂ ਸਿਰਫ਼ ਅੰਦਾਜ਼ਾ ਲਾ ਸਕਦੇ ਹਾਂ ਪਰ ਉਸ ਦਾ ਦਰਦ ਓਹੀ ਜਾਣਦਾ ਹੈ ਕਿਉਂਕਿ 14 ਨਵੰਬਰ ਨੂੰ ਧੀ ਦਾ ਵਿਆਹ ਸੀ 15 ਨਵੰਬਰ ਨੂੰ ਉਹ ਵਾਹਿਗੁਰੂ ਦੇ ਚਰਨਾ ਵਿਚ ਜਾ ਨਿਵਾਜੇ।

17 ਨਵੰਬਰ ਨੂੰ ਬੇਟੇ ਮਨਵੀਰ ਦਾ ਵਿਆਹ ਅਜੇ ਹੋਣਾ ਹੈ। ਜਿਸ ਵਿਹੜੇ ਖ਼ੁਸ਼ੀਆਂ ਦਾ ਪਹਿਰਾ ਸੀ ਓਥੇ ਇੱਕਦਮ ਅੱਥਰੂਆਂ ਨੇ ਘੇਰਾ ਪਾ ਲਿਆ ਹੈ। ਜਾਗੋ ਵਾਲੇ ਦਿਨ ਮੈਂ ਤੇ ਮੇਰੀ ਪਤਨੀ ਜਦੋਂ ਨਛੱਤਰ ਦੇ ਘਰ ਪਹੁੰਚੇ ਤਾਂ ਨਛੱਤਰ ਨੂੰ ਮਿਲਣ ਤੋਂ ਬਾਅਦ ਭੈਣ ਜੀ ਹੁਣਾਂ ਨੂੰ ਮਿਲਣ ਲੱਗਿਆਂ ਮੈਂ ਪਰ੍ਹਾਂ ਹੋ ਕੇ ਪਿੱਛੇ ਵੱਲ ਮੂੰਹ ਕਰਕੇ ਕਿੰਨਾ ਚਿਰ ਰੋਂਦਾ ਰਿਹਾ ਕਿਉਂਕਿ ਹੁਣ ਵਾਲੀ ਦਲਵਿੰਦਰ ਕੌਰ ਤੇ ਪਹਿਲਾਂ ਵਾਲੀ ਦਲਵਿੰਦਰ ਕੌਰ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਸੀ।

ਨਛੱਤਰ ਨੇ ਮੈਨੂੰ ਗਲ਼ ਲਾ ਕੇ ਕਿਹਾ ਕਿ ਭਾਜੀ ਜੇ ਤੁਸੀਂ ਏਦਾਂ ਹੋ ਗਏ ਤਾਂ ਮੇਰਾ ਕੀ ਹਾਲ ਹਊ… ਥੋੜਾ ਸੰਭਲ ਕੇ ਅਸੀਂ ਮਿਲੇ ਵੀ ਤੇ ਤਸਵੀਰ ਵੀ ਲਈ। ਸ਼ਾਇਦ ਇਹ ਆਖਿਰੀ ਤਸਵੀਰ ਸੀ। ਰੱਬ ਨਛੱਤਰ ਗਿੱਲ ਵੀਰ ਨੂੰ ਇਹ ਦਰਦ ਝੱਲਣ ਦਾ ਹੌਸਲਾ ਵੀ ਦੇਵੇ ਤੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਸਮਰੱਥ ਵੀ ਕਰੇ। ਭੈਣਜੀ ਹੁਣਾਂ ਦੀ ਰੂਹ ਨੂੰ ਰੱਬ ਆਪਣੇ ਚਰਨਾ ‘ਚ ਥਾਂ ਦੇਵੇ🙏🏻। ਸਸਕਾਰ ਅੱਜ 16 ਨਵੰਬਰ 1 ਵਜੇ ਦੁਪਿਹਰ ,ਬੰਗਾ ਰੋਡ ਸ਼ਮਸ਼ਾਨਘਾਟ ,ਫਗਾੜਾ ਵਿਖੇ ਕੀਤਾ ਜਾਵੇਗਾ🙏🏻।”