ਸ਼ਹਿਨਾਜ਼ ਗਿੱਲ ਦੇ ਭਰਾ ਦੀ ਬਾਂਹ ‘ਤੇ ਬਣੇ ਸਿਧਾਰਥ ਦੇ ਟੇਟੂ ਨੇ ਖਿੱਚਿਆਂ ਲੋਕਾਂ ਦਾ ਧਿਆਨ

721

ਕਿਹਾ ਜਾਂਦਾ ਹੈ ਕਿ ਅਸੀਂ ਜਿਸ ਨੂੰ ਪਿਆਰ ਕਰਦੇ ਹਾਂ ਉਹ ਕਿਸੇ ਨਾ ਕਿਸੇ ਜਰੀਏ ਸਾਡੇ ਕਰੀਬ ਰਹਿੰਦਾ ਹੈ। ਕੁਝ ਇਸ ਤਰ੍ਹਾਂ ਹੀ ਸਿਧਾਰਥ ਸ਼ੁਕਲਾ ਦੂਰ ਹੋ ਕੇ ਵੀ ਸ਼ਹਿਨਾਜ਼ ਨਾਲ ਹਮੇਸ਼ਾ ਰਹਿੰਦਾ ਹੈ। ਸ਼ਹਿਨਾਜ਼ ਜਿੱਥੇ ਵੀ ਜਾਂਦੀ ਹੈ ਸਿਧਾਰਥ ਸ਼ੁਕਲਾ ਉਸ ਨਾਲ ਹੁੰਦਾ ਹੈ। ਭਾਵੇਂ ਸਿਧਾਰਥ ਨੂੰ ਦੁਨੀਆ ਤੋਂ ਗਏ 1 ਸਾਲ ਹੋ ਗਿਆ ਹੈ ਪਰ ਅੱਜ ਵੀ ਉਹ ਸ਼ਹਿਨਾਜ਼ ਦੇ ਨੇੜੇ ਹੀ ਹੁੰਦੇ ਹਨ। ਕਦੇ ਅਦਾਕਾਰਾ ਦੇ ਦਿਲ ਵਿਚ ਅਤੇ ਕਦੇ ਭਰਾ ਦੇ ਹੱਥ ਦੇ ਟੇਟੂ ਦੇ ਰੂਪ ਵਿਚ।

ਦੱਸ ਦਈਏ ਕਿ ਬੀਤੇ ਦਿਨ ਸ਼ਹਿਨਾਜ਼ ਗਿੱਲ ਨੇ ਮੁੰਬਈ ਵਿਚ ਲਾਲਬਾਗ ਦੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਇਥੇ ਉਹ ਆਪਣੇ ਭਰਾ ਸ਼ਹਿਬਾਜ਼ ਨਾਲ ਪਹੁੰਚੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਪੀਲੇ ਰੰਗ ਦਾ ਪੰਜਾਬੀ ਸੂਟ ਪਾਇਆ ਸੀ, ਜਿਸ ਵਿਚ ਉਹ ਕਾਫ਼ੀ ਸੋਹਣੀ ਲੱਗ ਰਹੀ ਸੀ। ਇਸ ਦੌਰਾਨ ਜਿਸ ਚੀਜ਼ ਨੇ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ, ਉਹ ਸੀ ਸ਼ਹਿਬਾਜ਼ ਦੀ ਬਾਂਹ ‘ਤੇ ਬਣਿਆ ਸਿਧਾਰਥ ਸ਼ੁਕਲਾ ਦਾ ਟੈਟੂ।

ਦੱਸ ਦਈਏ ਕਿ ਸਿਧਾਰਥ ਸ਼ਹਿਨਾਜ਼ ਤੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਕਰੀਬ ਸਨ। ਦੋਵਾਂ ਦੇ ਦਸੰਬਰ 2021 ਵਿਚ ਵਿਆਹ ਕਰਨ ਦੀਆਂ ਖ਼ਬਰਾਂ ਵੀ ਆਈਆਂ ਸਨ ਪਰ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ 2 ਸਤੰਬਰ ਨੂੰ 40 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ ਸੀ।

ਸਲਮਾਨ ਨਾਲ ਬਾਲੀਵੁੱਡ ‘ਚ ਕਰੇਗੀ ਡੈਬਿਊ
ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਫ਼ਿਲਮ ‘ਕਿਸੀ ਕਾ ਬਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰੇਗੀ। ਸੋਮਵਾਰ ਨੂੰ ਫ਼ਿਲਮ ਦਾ ਨਵਾਂ ਲੁਕ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟੀਜ਼ਰ ਨਾਲ ਹੀ ਸਲਮਾਨ ਨੇ ਸ਼ਹਿਨਾਜ਼ ਦੀ ਐਂਟਰੀ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਅਜੇ ਤਕ ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਸਲਮਾਨ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।