ਜੋਤੀ ਨੂਰਾਂ ਦੇ ਆਰੋਪਾਂ ਤੋਂ ਬਾਅਦ ਸਾਹਮਣੇ ਆਇਆ ਪਤੀ, ਦਿੱਤਾ ਹਰ ਆਰੋਪ ਦਾ ਜਵਾਬ

1438

ਦੁਨੀਆ ਭਰ ‘ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ ‘ਤੇ ਉਸ ਨਾਲ ਮਾਰਨ-ਕੁੱਟਣ ਦੇ ਦੋਸ਼ ਲਾਏ ਹਨ। ਜਲੰਧਰ ਵਿੱਚ ਸ਼ਨੀਵਾਰ ਨੂੰ ਜੋਤੀ ਨੂਰਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਕੁਣਾਲ ਪਾਸੀ ਅੱਵਲ ਦਰਜੇ ਦਾ ਨਸ਼ੇੜੀ ਹੈ। ਉਸ ਨੇ ਕੁਣਾਲ ਤੋਂ ਤਲਾਕ ਲਈ ਅਦਾਲਤ ਵਿੱਚ ਕੇਸ ਫਾਈਲ ਕਰ ਦਿੱਤਾ ਹੈ।

ਨੂਰਾਂ ਸਿਸਟਰਜ਼ ਦੇ ਨਾਮ ਨਾਲ ਮਸ਼ਹੂਰ, ਸੁਲਤਾਨਾ ਨੂਰਾਂ ਅਤੇ ਜੋਤੀ ਨੂਰਾਂ ਜਲੰਧਰ ਨਾਲ ਤਾਅਲੁਕ ਰਖਦੀਆਂ ਹਨ। ਦੋਵੇਂ ਭੈਣਾਂ ਵਿੱਚੋਂ ਜੋਤੀ ਨੂਰਾਂ ਵੱਡੀ ਹੈ। ਸ਼ਨੀਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ‘ਚ ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ 2014 ‘ਚ ਆਪਣੀ ਮਰਜ਼ੀ ਨਾਲ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਇੱਕ ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਇਸ ਤੋਂ ਬਾਅਦ ਕੁਨਾਲ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਸੂਫੀ ਗਾਇਕਾ ਨੇ ਆਪਣੇ ਪਤੀ ‘ਤੇ 20 ਕਰੋੜ ਰੁਪਏ ਗਾਇਬ ਕਰਨ ਦਾ ਵੀ ਦੋਸ਼ ਲਗਾਇਆ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਵੀ ਕਮਾਈ ਕੀਤੀ ਸੀ, ਉਸ ਦੇ ਪਤੀ ਕੁਨਾਲ ਪਾਸੀ ਨੇ ਗਾਇਬ ਕਰ ਦਿੱਤੀ। ਹੁਣ ਉਸਦੇ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ। ਜੋਤੀ ਨੇ ਦੱਸਿਆ ਕਿ ਕੁਨਾਲ ਪੈਸੇ ਦਾ ਸਾਰਾ ਹਿਸਾਬ-ਕਿਤਾਬ ਰੱਖਦਾ ਸੀ। ਉਹ ਉਸ ਦੇ ਸ਼ੋਅ ਵੀ ਬੁੱਕ ਕਰਦਾ ਸੀ। ਕਈ ਵਾਰ ਪੁੱਛਣ ‘ਤੇ ਵੀ ਕੁਣਾਲ ਨੇ ਉਸ ਨੂੰ ਕੋਈ ਹਿਸਾਬ ਨਹੀਂ ਦਿੱਤਾ। ਕੁਣਾਲ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ ‘ਤੇ ਸਾਰਾ ਪੈਸਾ ਖਰਚ ਕਰ ਦਿੱਤਾ।

ਜੋਤੀ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਨੂੰ ਸਿਰਫ ਇਹ ਪਤਾ ਸੀ ਕਿ ਉਹ ਸਿਗਰੇਟ ਪੀਂਦਾ ਹੈ। ਉਨ੍ਹਾਂ ਨੂੰ ਵਿਆਹ ਦੇ ਇਕ ਸਾਲ ਬਾਅਦ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਸੀ।

ਫਗਵਾੜਾ ਦੇ ਇਕ ਸ਼ੋਅ ਦਾ ਜ਼ਿਕਰ ਕਰਦੇ ਹੋਏ ਜੋਤੀ ਨੂਰਾਂ ਨੇ ਦੱਸਿਆ ਕਿ ਰਾਤ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੇ ਕੁਣਾਲ ਨੂੰ ਕਿਹਾ ਕਿ ਉਹ ਬਹੁਤ ਥੱਕ ਗਈ ਹੈ ਅਤੇ ਜਲੰਧਰ ਜਾ ਕੇ ਆਰਾਮ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਜਿਵੇਂ ਹੀ ਉਹ ਘਰ ਜਾਣ ਲਈ ਕਾਰ ‘ਚ ਬੈਠਣ ਲੱਗੀ ਤਾਂ ਕੁਣਾਲ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉੱਥੇ ਮੌਜੂਦ ਸਾਰੇ ਲੋਕਾਂ ਨੇ ਇਹ ਸੀਨ ਵੇਖਿਆ। ਕੁਣਾਲ ਨੇ ਆਪਣੇ ਹੱਥ ਵਿੱਚ ਫੜੀ ਹੋਈ ਚੀਜ਼ ਨੂੰ ਉਸਦੇ ਸਿਰ ਵਿੱਚ ਮਾਰਿਆ। ਉਸਦਾ ਦਰਦ ਅਜੇ ਵੀ ਉਸਦੇ ਸਿਰ ਵਿੱਚ ਹੈ।

ਇਹ ਵੀ ਪੜ੍ਹੋ : ਸੰਗਰੂਰ ‘ਚ ‘ਲੰਪੀ’ ਦੀ ਰੋਕਥਾਮ 66 ਵੈਟਰਨਰੀ ਟੀਮਾਂ ਹੋਈਆਂ ਐਕਟਿਵ, ਜਾਣੋ ਬੀਮਾਰੀ ਦੇ ਲੱਛਣ ਤੇ ਬਚਾਅ ਦੇ ਤਰੀਕੇ

ਪਿਛਲੇ ਸੱਤ-ਅੱਠ ਸਾਲਾਂ ‘ਚ ਪੁਲਿਸ ਨੂੰ ਕੋਈ ਸ਼ਿਕਾਇਤ ਨਾ ਦੇਣ ਦੇ ਸਵਾਲ ‘ਤੇ ਜੋਤੀ ਨੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਕੁਣਾਲ ‘ਚ ਸੁਧਾਰ ਹੋਵੇਗਾ ਅਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਤਾਂ ਉਸ ਨੂੰ ਅਦਾਲਤ ਵਿੱਚ ਤਲਾਕ ਦੇ ਕਾਗਜ਼ ਦਾਖਲ ਕਰਨੇ ਪਏ। ਜੋਤੀ ਨੂਰਾਂ ਨੇ ਕਿਹਾ ਕਿ ਹੁਣ ਉਸ ਦੀ ਸਹਿਣ ਸ਼ਕਤੀ ਖਤਮ ਹੋ ਗਈ ਹੈ।

ਜੋਤੀ ਦਾ ਕਹਿਣਾ ਹੈ ਕਿ ਕੁਣਾਲ ਤੋਂ ਤਲਾਕ ਲੈਣ ਤੋਂ ਬਾਅਦ ਉਹ ਘਰ ਵਾਪਸ ਚਲੀ ਜਾਵੇਗੀ ਅਤੇ ਦੋਵੇਂ ਭੈਣਾਂ ਆਪਣੇ ਪਿਤਾ ਨਾਲ ਦੁਬਾਰਾ ਸ਼ੋਅ ਸ਼ੁਰੂ ਕਰਨਗੀਆਂ।

ਜਲੰਧਰ ਦੇ ਪ੍ਰੈੱਸ ਕਲੱਬ ’ਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ। ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ। ਇਸ ਬਾਰੇ ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ-ਮੁਹੱਬਤ ਦੇ ਨਾਲ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ, ਮਲੋਆ, ਚੰਡੀਗੜ੍ਹ ’ਚ ਵਿਆਹ ਕਰਵਾਇਆ ਸੀ ਤੇ ਮੇਰੇ ਮਾਂ-ਬਾਪ ਇਸ ਵਿਆਹ ਤੋਂ ਸਹਿਮਤ ਨਹੀਂ ਸਨ ਤੇ ਫਿਰ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ’ਚ ਕੇਸ ਦਾਇਰ ਕਰਕੇ ਆਪਣੀ ਜ਼ਿੰਦਗੀ ਤੇ ਮਾਲ ਦੀ ਸੁਰੱਖਿਆ ਲਈ ਸੀ।

ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

ਹੁਣ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੇਰੀ ਜਾਨ ਨੂੰ ਖ਼ਤਰਾ ਪੈ ਗਿਆ ਤੇ ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ 11.10.2022 ਹੈ ਤੇ ਉਕਤ ਕੇਸ ਬਾਅਦਾਲਤ ਸ਼੍ਰੀਮਤੀ ਤ੍ਰਿਪਤਜੋਤ ਕੌਰ ਜੀ ਦੀ ਅਦਾਲਤ ’ਚ ਚੱਲਦਾ ਹੈ ਤੇ ਮੈਂ ਆਪਣੇ ਪਤੀ ਦੇ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।

ਮੈਂ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਤੇ ਮੈਂ ਇਸ ਪ੍ਰੈੱਸ ਕਾਨਫਰੰਸ ਰਾਹੀਂ ਪੁਲਸ ਕੋਲੋਂ ਆਪਣੀ ਪ੍ਰੋਟੈਕਸ਼ਨ ਮੰਗਦੀ ਹਾਂ ਤੇ ਜਨਤਾ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਜੇਕਰ ਮੇਰੇ ਪਤੀ ਨੇ ਉਨ੍ਹਾਂ ਦਾ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ, ਉਹ ਮੈਨੂੰ ਆ ਕੇ ਮਿਲ ਲੈਣ ਕਿਉਂਕਿ ਮੇਰਾ ਪਤੀ ਬੁੱਕ ਕੀਤੇ ਹੋਏ ਸ਼ੋਅਜ਼ ਬਾਰੇ ਨਹੀਂ ਦੱਸ ਰਿਹਾ ਹੈ ਤੇ ਅੱਜ ਤੋਂ ਬਾਅਦ ਮੇਰੇ ਪਤੀ ਵਲੋਂ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਨਾ ਕਰਵਾਏ ਤੇ ਨਾ ਹੀ ਕੋਈ ਪੈਸੇ ਦੇਵੇ ਕਿਉਂਕਿ ਮੈਂ ਉਸ ਦੀ ਜ਼ਿੰਮੇਵਾਰ ਨਹੀਂ ਹੋਵਾਂਗੀ ਤੇ ਜੇਕਰ ਕਿਸੇ ਨੇ ਵੀ ਮੇਰਾ ਕੋਈ ਸ਼ੋਅ ਬੁੱਕ ਕਰਵਾਉਣਾ ਹੈ ਤਾਂ ਉਹ ਜਾਂ ਤਾਂ ਮੈਨੂੰ ਖ਼ੁਦ ਆ ਕੇ ਮਿਲੇ ਜਾਂ ਮੇਰੇ ਟੈਲੀਫੋਨ ਨੰਬਰ ’ਤੇ ਸੰਪਰਕ ਕਰੇ।