ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਕੇਸ ਦਰਜ, ਉਪਾਸਨਾ ਸਿੰਘ ਨੇ ਕੋਰਟ ‘ਚ ਦਾਇਰ ਕੀਤੀ ਅਰਜ਼ੀ

857

ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਕੇਸ ਦਰਜ, ਉਪਾਸਨਾ ਸਿੰਘ ਨੇ ਕੋਰਟ ‘ਚ ਦਾਇਰ ਕੀਤੀ ਅਰਜ਼ੀ #MissUniverse #HarnaazKaur #UpasanaSingh

ਚੰਡੀਗੜ੍ਹ: ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਖ਼ਿਲਾਫ਼ ਇਕ ਸਿਵਲ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨਾ ਸਿੰਘ ਆਪਣੇ ਵਕੀਲ ਦੇ ਨਾਲ ਅਦਾਲਤ ਪਹੁੰਚੀ ਸੀ। ਉਪਾਸਨਾ ਦਾ ਕਹਿਣਾ ਹੈ ਕਿ ਉਹ ਇਕ ਫ਼ਿਲਮ ਬਣਾ ਰਹੇ ਹਨ, ਜਿਸ ਵਿਚ ਕੰਮ ਕਰਨ ਲਈ ਹਰਨਾਜ਼ ਨੂੰ ਸਾਈਨ ਕੀਤਾ ਗਿਆ ਸੀ ਪਰ ਬਾਅਦ ਵਿਚ ਹਰਨਾਜ਼ ਸੰਧੂ ਨੇ ਫੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ।

ਦਾਇਰ ਕੇਸ ਮੁਤਾਬਕ ਸਾਲ 2020 ਵਿਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖ਼ਿਤਾਬ ਜਿੱਤਿਆ ਸੀ। ਉਸ ਦੌਰਾਨ ਉਹਨਾਂ ਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐਲਐਲਪੀ ਨਾਲ ਇਕ ਸਮਝੌਤਾ ਸਾਈਨ ਕੀਤਾ ਸੀ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਅਨੁਸਾਰ ਉਸ ਨੇ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿਚ ਉਹਨਾਂ ਨੇ ਹਰਨਾਜ਼ ਨੂੰ ਮੁੱਖ ਭੂਮਿਕਾ ਦੇਣੀ ਸੀ।

ਇਕਰਾਰਨਾਮੇ ਤਹਿਤ ਅਦਾਕਾਰਾ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਲਾਜ਼ਮੀ ਸੀ। ਪਰ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਵਪਾਰ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ। ਉਸ ਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਉਪਾਸਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਇਸ ਫਿਲਮ ਰਾਹੀਂ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਾਰਨ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਚੰਡੀਗੜ੍ਹ ਅਦਾਲਤ ਵਿਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।

ਉਪਾਸਨਾ ਸਿੰਘ ਨੇ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਅਸਫਲ ਰਹੇ। ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ। ਇਸ ਤੋਂ ਬਾਅਦ ਉਸ ਨੇ ਇਕ ਵੀ ਮੇਲ ਜਾਂ ਟੈਕਸਟ ਦਾ ਜਵਾਬ ਨਹੀਂ ਦਿੱਤਾ। ਇਸ ਕਾਰਨ ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ। 27 ਮਈ 2022 ਤੋਂ ਫਿਲਮ ਦੀ ਰਿਲੀਜ਼ ਨੂੰ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ।