ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਆਈ ਸਾਹਮਣੇ, ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਦੱਸਿਆ ਕਾਰਨ

1251

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਹਮਲਾ ਹੋ ਗਿਆ ਹੈ, ਜਿਸ ਦੌਰਾਨ ਕਈ ਗੋਲੀਆਂ ਸਿੱਧੂ ਮੂਸੇਵਾਲਾ ਅਤੇ ਉਸ ਦੇ ਦੋ ਸਾਥੀਆਂ ’ਤੇ ਲੱਗਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ। ਉਸ ਦੇ ਦੋ ਸਾਥੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਮਾਨਸਾ ਤੋਂ ਬਾਹਰ ਹਸਪਤਾਲਾਂ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਲੰਘੇ ਦਿਨ ਹੀ ਸਰਕਾਰ ਵੱਲੋਂ ਹੋਰਨਾਂ ਤੋਂ ਇਲਾਵਾ ਸਿੱਧੂ ਮੂੂਸੇਵਾਲਾ ਤੋਂ ਵੀ ਸੁਰੱਖਿਆ ਵਾਪਸ ਲਈ ਗਈ ਸੀ। ਇਸੇ ਦੌਰਾਨ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਹ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਹੈ। ਦੂੁਜੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਕਿ 8 ਹਮਲਾਵਰਾਂ ਵੱਲੋਂ ਮੂਸੇਵਾਲਾ ’ਤੇ ਹਮਲਾ ਕੀਤਾ ਗਿਆ। ਵਾਰਦਾਤ ਵਾਲੀ ਥਾਂ ਤੋਂ ਏਐੱਨ-94 ਰਾਈਫਲਾਂ ਦੇ ਕਾਰਤੂਸਾਂ ਦੇ ਖੋਲ ਮਿਲੇ ਹਨ। ਏਐੱਨ-94 ਰਾਈਫਲਾਂ ਦੀ ਵਰਤੋਂ ਪੰਜਾਬ ਵਿੱਚ ਬਹੁਤ ਘੱਟ ਹੁੰਦੀ ਹੈ।

ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਅੱਜ ਆਪਣੀ ਸੁਰੱਖਿਆ ਦੀ ਅਣਗਹਿਲੀ ਕੀਤੇ ਜਾਣ ਦਾ ਭੇਤ ਬਣ ਗਿਆ ਹੈ ਜਿਸ ਤੋਂ ਕਈ ਸੰਕੇ ਖੜ੍ਹੇ ਹੋ ਰਹੇ ਹਨ| ਬੇਸ਼ੱਕ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਸੁਰੱਖਿਆ ਕਮਾਂਡੋ ’ਚੋਂ ਦੋ ਵਾਪਸ ਲੈ ਲਏ ਸਨ ਪ੍ਰੰਤੂ ਉਹ ਅੱਜ ਆਪਣੇ ਨਾਲ ਤਾਇਨਾਤ ਦੋ ਸੁਰੱਖਿਆ ਕਮਾਂਡੋ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਸੀ| ਪਹਿਲਾਂ ਇਹ ਸੁਰੱਖਿਆ ਕਮਾਂਡੋ ਉਸ ਦੇ ਅੰਗ ਸੰਗ ਰਹਿੰਦੇ ਸਨ| ਅੱਜ ਜਦੋਂ ਸਿੱਧੂ ਮੂਸੇਵਾਲਾ ਘਰੋਂ ਰਵਾਨਾ ਹੋਇਆ ਤਾਂ ਉਸ ਨੇ ਕਮਾਂਡੋਜ਼ ਨੂੰ ਘਰ ਹੀ ਰਹਿਣ ਦੀ ਹਦਾਇਤ ਕਰ ਦਿੱਤੀ| ਸਿੱਧੂ ਮੂਸੇਵਾਲਾ ’ਤੇ ਜਦੋਂ ਹਮਲਾ ਹੋਇਆ ਤਾਂ ਉਦੋਂ ਉਸ ਨਾਲ ਤਿੰਨ ਦੋਸਤ ਸਵਾਰ ਸਨ| ਉਹ ਆਪਣੀ ਕਾਲੀ ਥਾਰ ਗੱਡੀ ਵਿਚ ਘਰੋਂ ਨਿਕਲਿਆ ਸੀ| ਹਾਲਾਂਕਿ ਉਨ੍ਹਾਂ ਕੋਲ ਬੁਲਟ ਪਰੂਫ ਫਾਰਚੂਨਰ ਗੱਡੀ ਹੈ ਜਿਸ ਦੀ ਅਕਸਰ ਉਹ ਵਰਤੋਂ ਕਰਦਾ ਸੀ| ਅੱਜ ਉਨ੍ਹਾਂ ਵੱਲੋਂ ਬੁਲਟ ਪਰੂਫ ਗੱਡੀ ਦੀ ਥਾਂ ਥਾਰ ਗੱਡੀ ਵਿੱਚ ਜਾਣਾ ਵੀ ਭੇਤ ਡੂੰਘੇ ਕਰ ਰਿਹਾ ਹੈ| ਦੱਸਦੇ ਹਨ ਕਿ ਪਹਿਲਾਂ ਜਦੋਂ ਵੀ ਸਿੱਧੂ ਮੂਸੇਵਾਲਾ ਘਰੋਂ ਬਾਹਰ ਜਾਂਦਾ ਸੀ ਤਾਂ ਉਸ ਨਾਲ ਦੋ ਗੱਡੀਆਂ ਹੋਰ ਵੀ ਚੱਲਦੀਆਂ ਸਨ ਜਿਨ੍ਹਾਂ ’ਚ ਪ੍ਰਾਈਵੇਟ ਆਦਮੀ ਹੁੰਦੇ ਸਨ| ਅੱਜ ਇਹ ਗੱਡੀਆਂ ਵੀ ਨਹੀਂ ਸਨ| ਇੰਟੈਲੀਜੈਂਸ ਬਿਊਰੋ ਵੱਲੋਂ ਗਾਇਕਾਂ ਅਤੇ ਅਦਾਕਾਰਾਂ ’ਚੋਂ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਵੱਧ ਖਤਰਾ ਦੱਸਿਆ ਗਿਆ ਸੀ| ਹਾਲ ਹੀ ਵਿਚ ਹੋਰ ਵੀ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਨੂੰ ਫਿਰੌਤੀ ਲਈ ਕਾਲਾਂ ਵੀ ਆ ਰਹੀਆਂ ਸਨ| ਪੁਲੀਸ ਨੇ ਅੱਜ ਘਟਨਾ ਮਗਰੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਹਨ| ਪਿੰਡ ਜਵਾਹਰਕੇ ਵਿਚ ਅੱਜ ਸ਼ਾਮ ਵਕਤ ਹੋਈ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ| ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਆਪਣੇ ਕੋਲ ਹਮੇਸ਼ਾ ਹਥਿਆਰ ਰੱਖਦੇ ਸਨ ਪ੍ਰੰਤੂ ਅੱਜ ਉਨ੍ਹਾਂ ਨੂੰ ਚਲਾਉਣ ਦਾ ਮੌਕਾ ਹੀ ਨਹੀਂ ਮਿਲ ਸਕਿਆ| ਜਦੋਂ ਹਮਲਾ ਹੋਇਆ, ਉਦੋਂ ਉਹ ਖੁਦ ਗੱਡੀ ਚਲਾ ਰਿਹਾ ਸੀ।

ਪੁਲੀਸ ਵੱਲੋਂ ਕੀਤੇ ਦਾਅਵੇ ਮੁਤਾਬਕ ਸਿੱਧੂ ਮੂਸੇਵਾਲਾ ’ਤੇ ਅੱਠ ਵਿਅਕਤੀਆਂ ਨੇ ਹਮਲਾ ਕੀਤਾ ਸੀ। ਹਮਲੇ ਵਾਲੀ ਥਾਂ ਤੋਂ ਪੁਲੀਸ ਨੂੰ ਏਐੱਨ-94 ਰਾਈਫਲ ਦੇ ਕਾਰਤੂਸਾਂ ਦੇ ਤਿੰਨ ਖੋਲ ਮਿਲੇ ਹਨ। ਪੰਜਾਬ ਵਿੱਚ ਏਐੱਨ-94 ਰਾਈਫਲ ਦੀ ਵਰਤੋਂ ਆਮ ਕਰਕੇ ਨਹੀਂ ਹੁੰਦੀ। ੲੇਐੱਨ-94 (ਐਵਟੋਮੈਟ ਨਿਕੋਨੋਵਾ ਮਾਡਲ) ਰੂਸੀ ਅਸਾਲਟ ਰਾਈਫਲ ਹੈ, ਜੋ 1994 ਦਾ ਮਾਡਲ ਹੈ। ਏਐੱਨ-94 ਨੂੰ ਏਕੇ-74 ਲੜੀ ਦੀਆਂ ਰਾਈਫਲਾਂ ਦੇ ਬਦਲ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਰਾਈਫਲ ਦੇ ਗੁੰਝਲਦਾਰ ਡਿਜ਼ਾਈਨ ਕਰਕੇ ਇਸ ਨੂੰ ਸਿਰਫ਼ ਵਿਸ਼ੇਸ਼ ਮਿਸ਼ਨਾਂ ਲਈ ਹੀ ਵਰਤਿਆ ਜਾ ਰਿਹਾ ਹੈ। ਏਐੱਨ-94 ਵਿੱਚੋਂ 1800 ਕਾਰਤੂਸ ਪ੍ਰਤੀ ਮਿੰਟ ਨਾਲ ਇਕ ਵੇਲੇ ਦੋ-ਸ਼ਾਟ ਬਰਸਟ ਨਿਕਲਦਾ ਹੈ। ਇਸੇ ਦੌਰਾਨ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ। ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗੈਂਗ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਪੰਜਾਬ ਪੁਲੀਸ ਨੇ ਬੀਤੇ ਵਿੱਚ ਇਸ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਲਡੀ ਨੇ ਆਪਣੀ ਫੇਸਬੁਕ ਪੋਸਟ ’ਤੇ ਦਾਅਵਾ ਕੀਤਾ ਹੈ ਕਿ ਮੂਸੇਵਾਲਾ, ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਤੇ ਇਕ ਹੋਰ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਸੀ। ਪੌਲੀਵੁੱਡ ਇੰਡਸਟਰੀ ਤੇ ਪੰਜਾਬ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਘੱਟੋ-ਘੱਟ ਛੇ ਗਾਇਕਾਂ ਤੇ ਅਦਾਕਾਰਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਆਪਣੀ ਸੁਰੱਖਿਆ ਲਈ ਦਸ-ਦਸ ਲੱਖ ਰੁਪਏ ਦੀ ਅਦਾਇਗੀ ਕੀਤੀ ਹੈ। ਮੂਸੇਵਾਲਾ ਨੇ ਉਸ ਨੂੰ ਧਮਕੀਆਂ ਮਿਲਣ ਬਾਰੇ ਭਾਵੇਂ ਕੋਈ ਸਿੱਧੀ ਸ਼ਿਕਾਇਤ ਨਹੀਂ ਕੀਤੀ, ਪਰ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਵਿੱਚ ਪੰਜਾਬ ਦੇ ਸਿਖਰਲੇ ਦਸ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋੋਂ ਧਮਕੀ ਦੇਣ ਵਾਲੀ ਸੂਚੀ ’ਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ। ਚੇਤੇ ਰਹੇ ਕਿ ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਕਤਲ ਪਿੱਛੇ ਵੀ ਕੈਨੇਡਾ ਅਧਾਰਿਤ ਗੈਂਗਸਟਰਾਂ ਦਾ ਹੱਥ ਦੱਸਿਆ ਜਾਂਦਾ ਸੀ।

ਕੌਮੀ ਐਸ.ਸੀ./ਐੱਸ.ਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਸਰਕਾਰ ਨੇ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆਂ ਨੂੰ ਘਟਾਉਣ ਲਈ ਵਰਤੀ ਗਈ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਦਾ ਪੂਰਾ ਦਬਦਬਾ ਹੈ। ਸਰਕਾਰ ਨੇ ਪਹਿਲਾ ਇਨ੍ਹਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਲਈ ਕੋਈ ਕਮੇਟੀ ਬਣਾਈ ਸੀ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ਨਾਲ ਲਏ ਫ਼ੈਸਲੇ ਦਾ ਇਹ ਨਤੀਜਾ ਹੈ.. ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਉਸ ਦੀ ਸੁਰੱਖਿਆ ਘਟਾਈ ਜਿਸ ਕਾਰਨ ਕਥਿਤ ਤੌਰ ’ਤੇ ਗੈਂਗਸਟਰਾਂ ਨੂੰ ਮੂਸੇਵਾਲਾ ਨੂੰ ਮਾਰਨ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਕੰਮਾਂ ਨੂੰ ਗੁਪਤੀ ਤੌਰ ’ਤੇ ਰੱਖਿਆ ਜਾਂਦਾ ਹੈ ਪਰ ਸਰਕਾਰ ਏਨੀ ਅਣਜਾਣ ਹੈ ਕਿ ਉਸ ਨੇ ਆਪਣੀ ਬੱਲੇ-ਬੱਲੇ ਕਰਵਾਉਣ ਲਈ ਅਖ਼ਬਾਰਾਂ ’ਚ ਇਸ ਮਾਮਲੇ ਦਾ ਖੂਬ ਪ੍ਰਚਾਰ ਕੀਤਾ ਜਿਸ ਨਾਲ ਮਾੜੇ ਅਨਸਰਾਂ ਪੰਜਾਬ ਵਿੱਚ ਕੁਝ ਵੀ ਕਰਨ ਦੀ ਖੁੱਲ੍ਹ ਮਿਲ ਗਈ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਦੇ ਲੋਕਾਂ ਅੰਦਰ ਬਹੁਤ ਗੁੱਸਾ ਵਧ ਗਿਆ ਹੈ ਤੇ ਇਸ ਦਾ ਖੁਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।

ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਅੱਜ ਦੇਰ ਸ਼ਾਮ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ। ਡੀਜੀਪੀ ਭਾਵਰਾ ਨੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਬਠਿੰਡਾ ਦੇ ਆਈਜੀ ਨੂੰ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੇ ਹੁਕਮ ਦਿੱਤੇ ਹਨ।

ਇਥੇ ਸੰਖੇਪ ਪ੍ਰੈੱਸ ਕਾਨਫਰੰਸ ਦੌਰਾਨ ਡੀਜੀਪੀ ਭਾਵਰਾ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡਾ ਆਧਾਰਿਤ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਡੀਜੀਪੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਮੁਹਾਲੀ ਵਿਚ ਵਿੱਕੀ ਮਿੱਡੂਖੇੜਾ ਦੇ ਹੋਏ ਕਤਲ ਵਿਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਆਇਆ ਸੀ, ਜੋ ਆਸਟਰੇਲੀਆ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਪ੍ਰਤੀਕਿਰਿਆ ਵਿਚ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ 30 ਖਾਲੀ ਕਾਰਤੂਸ ਮਿਲੇ ਹਨ ਅਤੇ ਤਿੰਨ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ, ਜੋ ਵੱਖ ਵੱਖ ਬੋਰ ਦੇ ਸਨ। ਇਨ੍ਹਾਂ ’ਚ ੲੇਐੱਨ94 ਅਤੇ ਇੱਕ 455 ਬੋਰ ਸੀ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਕਾਤਲਾਂ ਦੀ ਭਾਲ ਲਈ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਰੇਂਜ ਦੇ ਆਈਜੀ ਤੋਂ ਇਲਾਵਾ ਬਠਿੰਡਾ ਦੇ ਐੱਸਐੱਸਪੀ ਵੀ ਮਾਨਸਾ ਵਿਚ ਅਪਰੇਸ਼ਨ ’ਤੇ ਹਨ। ਆਈਜੀ ਨੂੰ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਏਡੀਜੀਪੀ (ਲਾਅ ਐਂਡ ਆਰਡਰ) ਵੱਲੋਂ ਲੋੜੀਂਦੀ ਨਫਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ।

ਡੀਜੀਪੀ ਨੇ ਸੁਰੱਖਿਆ ਵਾਪਸੀ ਦੇ ਮਾਮਲੇ ’ਤੇ ਸਪੱਸ਼ਟ ਕੀਤਾ ਕਿ ਘੱਲੂਘਾਰਾ ਦਿਵਸ ਕਰਕੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਆਰਜ਼ੀ ਤੌਰ ’ਤੇ ਸੁਰੱਖਿਆ ਵਾਪਸ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨਾਲ ਚਾਰ ਕਮਾਂਡੋ ਤਾਇਨਾਤ ਕੀਤੇ ਹੋਏ ਸਨ, ਜਿਨ੍ਹਾਂ ’ਚੋਂ ਦੋ ਵਾਪਸ ਲੈ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਅੱਜ ਦੋ ਕਮਾਂਡੋਜ਼ ਨੂੰ ਵੀ ਨਾਲ ਨਹੀਂ ਲੈ ਕੇ ਗਏ। ਉਹ ਅੱਜ ਆਪਣੀ ਬੁਲੇਟ ਪਰੂਫ ਗੱਡੀ ਵੀ ਨਹੀਂ ਲੈ ਕੇ ਗਏ।