ਸਿੱਧੂ ਮੂਸੇਵਾਲਾ ਦੇ ਕਾਤਲਾਂ ਨੇ ਲਈ ਜਿੰਮੇਵਾਰੀ,ਕਿਹੜੇ ਗੈਂਗਸਟਰਾਂ ਨੇ ਕੀਤਾ ਕਤਲ, ਮਿੱਡੂਖੇੜਾ ਕਤਲ ਕਾਂਡ ਨਾਲ ਜੁੜੇ ਤਾਰ

1081

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਦੀ ਗੈਂਗ ਨੇ ਲੈ ਲਈ ਹੈ। ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਇਹ ਜ਼ਿੰਮੇਵਾਰੀ ਫੇਸਬੁੱਕ ਪੇਜ਼ ‘ਤੇ ਇਕ ਪੋਸ਼ਟ ਸ਼ੇਅਰ ਕਰ ਲਈ ਗਈ ਹੈ।

ਇਸ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ, ਗੋਲਡੀ ਬਰਾੜ ਤੇ ਲੱਕੀ ਪਟਿਆਲ ਵੱਲੋਂ ਲਈ ਗਈ ਹੈ। ਸੂਤਰਾਂ ਮੁਤਾਬਕ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਸਾਡਾ ਬੰਦਾ ਮਾਰਿਆ ਤੇ ਅਸੀਂ ਤੁਹਾਡਾ ਬੰਦਾ ਝੱਟਕਾ ਦਿੱਤਾ। ਉਨ੍ਹਾਂ ਦੇ ਕਹਿਣ ਦਾ ਸਬੰਧ ਵਿੱਕੀ ਮਿੱਡੂਖੇੜਾ ਕਤਲ ਕਾਂਡ ਦੇ ਨਾਲ ਹੈ। ਗੋਲਡੀ ਬਰਾੜ ਜੋ ਕਿ ਇਸ ਸਮੇ ਵਿਦੇਸ਼ ‘ਚ ਹੈ ਉਸ ਵੱਲੋਂ ਵੀ ਇਕ ਪੋਸ਼ਟ ਸ਼ੇਅਰ ਕਰਦਿਆਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਦੱਸ ਦੇਈਏ ਕਿ ਮਿਲੀ ਅੱਜ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ। ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਤੂੰ ਗੀਦੀ ਨਹੀਂ ਸੀ , ਤੂੰ ਸ਼ੇਰ ਸੀ , ਤੂੰ ਦਲੇਰ ਸੀ , ਬੇਸ਼ੱਕ ਤੇਰੇ ਗਾਏ ਗੀਤਾਂ ਨਾਲ ਸਾਰੇ ਲੋਕ ਸਹਿਮਤ ਨਾ ਹੋਣ , ਬੇਸ਼ੱਕ ਤੇਰੀ ਰਾਜਨੀਤਕ ਸਮਝ ‘ਤੇ ਵਿਰੋਧੀ ਸਵਾਲ ਕਰਨ , ਪਰ ਤੈਨੂੰ ਨਾ ਵਰਤਮਾਨ ਨਜ਼ਰਅੰਦਾਜ਼ ਕਰ ਸਕਿਆ ਹੈ ਅਤੇ ਨਾ ਹੀ ਤੈਨੂੰ ਆਉਣ ਵਾਲੇ ਸਮੇਂ ਨਜ਼ਰਅੰਦਾਜ਼ ਕਰ ਸਕਣਗੇ । ਤੇਰੇ ਇਹੋ ਗੀਤ ਸਦੀਆਂ ਤੱਕ ਬਹੁ- ਗਿਣਤੀ ਦੀ ਪਸੰਦ ਬਣੇ ਰਹਿਣਗੇ , ਇਹ ਮੈਨੂੰ ਯਕੀਨ ਹੈ , ਤੇਰੇ ‘ਚ ਇੱਕ ਗੱਲ ਸੀ , ਜੋ ਤੇਰੇ ਆਸ ਪਾਸ ਦੇ ਗਾਇਕ ਲਾਣੇ ‘ਚ ਦੂਰ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੀ । ਤੂੰ ਸਭ ਤੋਂ ਵੱਖਰਾ ਸੀ , ਸਭ ਤੋਂ ਅਲੱਗ ਸੀ ਛੋਟੇ ਵੀਰ !

ਮੇਰਾ ਮੰਨਣਾ ਹੈ ਕਿ ਤੇਰਾ ਕਤਲ ਸਰਕਾਰ ਅਤੇ ਪੁਲਿਸ ਤੰਤਰ ਦੀ ਨੰਗੀ ਚਿੱਟੀ ਨਲਾਇਕੀ ਦਾ ਨਤੀਜਾ ਹੈ । ਹੋ ਸਕਦਾ ਤੇਰੀ ਮੌਤ ਪਿਛਲਾ ਸੱਚ ਕਦੇ ਸਾਹਮਣੇ ਨਾ ਆਵੇ ਪਰ ਮੇਰਾ ਅਤੇ ਮੇਰੇ ਵਰਗੇ ਲੱਖਾਂ ਦਾ ਇਹ ਮੰਨਣਾ ਹੈ ਕਿ ਤੂੰ ਨਪੁੰਸਕ ਸਿਸਟਮ ਦੀ ਭੇਂਟ ਚੜ੍ਹਿਆ ਹੈਂ ! ਮੈਂ ਕੁੱਝ ਦਿਨ ਪਹਿਲਾਂ ਤੇਰਾ ਨਵਾਂ ਗੀਤ ਸੁਣ ਰਿਹਾ ਸੀ , ” ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ , ਇਹਦਾ ਉਠੂਗਾ ਜਵਾਨੀ ‘ਚ ਜਨਾਜ਼ਾ ਮਿੱਠੀਏ ! ” ਮੈਂਨੂੰ ਇਹ ਗੀਤ ਕਿਸੇ ਨੇ ਦੀਪ ਸਿੱਧੂ ਦੇ ਸੰਦਰਭ ‘ਚ ਸੁਣਾਇਆ ਸੀ ਪਰ ਮੈਂ ਉਸਨੂੰ ਅੱਜ ਤੇਰੇ ਹੀ ਸੰਦਰਭ ‘ਚ ਸਮਝ ਰਿਹਾ ਹਾਂ ਛੋਟੇ ਵੀਰ !

ਤੇਰੇ ਇੰਝ ਚਲੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ , ਮਨ ਤਾਂ ਹਾਲੇ ਦੀਪ ਵਾਲੇ ਸਦਮੇ ‘ਚੋਂ ਹੀ ਨਹੀਂ ਨਿਕਲ ਸਕਿਆ , ਫੇਰ ਸੰਦੀਪ ਨੰਗਲ ਅੰਬੀਆਂ ਅਤੇ ਹੁਣ ਤੂੰ … ਦੁੱਖ ਬਿਆਨ ਤੋਂ ਬਾਹਰ ਆ … ਆਪਣੇ ਸ਼ੇਰ ਪੁੱਤ ਐਂ ਹੀ ਗੁਆ ਲਵੇਗਾ ਪੰਜਾਬ … ਮੈਨੂੰ ਵਾਰ ਵਾਰ ਤੇਰੇ ਬਾਪੂ ਜੀ ਅਤੇ ਮਾਤਾ ਜੀ ਦਾ ਖ਼ਿਆਲ ਆ ਰਿਹਾ ਹੈ .. ਵਾਹਿਗੁਰੂ ਨੂੰ ਜੋ ਮਨਜ਼ੂਰ .. ਹੋਰ ਕੁੱਝ ਕਹਿਣ ਦਾ .. ਹੋਰ ਕੁੱਝ ਲਿਖਣ ਦਾ ਹੌਂਸਲਾ ਨਹੀਂ ਹੁਣ .. ਬੱਸ !
ਅਮਰਦੀਪ ਸਿੰਘ ਗਿੱਲ