ਚੰਡੀਗੜ੍ਹ, 24 ਮਈ, 2022:ਇਸ ਵੇਲੇ ਪੰਜਾਬ ਵਿੱਚੋਂ ਸਭ ਤੋਂ ਵੱਡੀ ਖ਼ਬਰ ਆ ਰਹੀ ਹੈ, ਪੰਜਾਬ ਦੇ ਇਕ ਕੈਬਨਿਟ ਮੰਤਰੀ ਦੀ ਬਰਖ਼ਾਸਤਗੀ ਦੀ।
ਮੁੱਖ਼ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਇਕ ਵੀਡੀਓ ਜਾਰੀ ਕਰਕੇ ਸਿਹਤ ਮੰਤਰੀ ਸ੍ਰੀ ਵਿਜੈ ਸਿੰਗਲਾ ਦੀ ਕੈਬਨਿਟ ਤੋਂ ਛੁੱਟੀ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਡਾ: ਵਿਜੇ ਸਿੰਗਲਾ ਨੇ ਆਪਣੇ ਮਹਿਕਮੇ ਦੇ ਟੈਂਡਰਾਂ ਅਤੇ ਹੋਰ ਖ਼ਰੀਦੋ ਫ਼ਰੋਖ਼ਤ ਦੇ ਮਾਮਲੇ ਵਿੱਚ ਇਕ ਪ੍ਰਤੀਸ਼ਤ ਕਮਿਸ਼ਨ ਦੀ ਮੰਗ ਕੀਤੀ ਸੀ ਅਤੇ ਇਸੇ ਕਰਕੇ ਉਹਨਾਂ ਨੂੰ ਕੈਬਨਿਟ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਆਖ਼ਿਆ ਕਿ ਡਾ: ਸਿੰਗਲਾ ਨੇ ਆਪਣਾ ਗੁਨਾਹ ਕਬੂਲ ਵੀ ਕੀਤਾ ਹੈ ਅਤੇ ਉਨ੍ਹਾਂ ਨੇ ਸ੍ਰੀ ਸਿੰਗਲਾ ਨੂੰ ਕੈਬਨਿਟ ਵਿੱਚੋਂ ਹਟਾਉਣ ਦੇ ਨਾਲ ਨਾਲ ਪੁਲਿਸ ਨੂੂੰ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਹੈ।
ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਅਜੇ ਤਾਂਈਂ ਸਿਰਫ਼ ਉਹਨਾਂ ਨੂੰ ਪਤਾ ਸੀ। ਨਾ ਇਹ ਗੱਲ ਮੀਡੀਆ ਵਿੱਚ ਸੀ ਅਤੇ ਨਾ ਹੀ ਅਜੇ ਇਹ ਵਿਰੋਧੀ ਧਿਰਾਂ ਨੂੰ ਪਤਾ ਸੀ ਉਹ ਚਾਹੁੰਦਾ ਤਾਂ ਕੁਝ ਨਾ ਵੀ ਕਰਦੇ ਪਰ ਇੰਜ ਕਰਕੇ ਉਹ ਆਪਣੀ ਜ਼ਮੀਰ ਅਤੇ ਲੱਖਾਂ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖ਼ਾ ਕਰ ਰਹੇ ਹੁੰਦੇ।
ਉਹਨਾਂ ਕਿਹਾ ਕਿ ਇਹ ਸਾਰੇ ਮੰਤਰੀਆਂ ਅਤੇ ਅਫ਼ਸਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਆਮ ਆਦਮੀ ਪਾਰਟੀ’ ਦੀ ਸਰਕਾਰ ‘ਜ਼ੀਰੋ ਟਾਲਰੈਂਸ’ ਦੀ ਨੀਤੀ ’ਤੇ ਚੱਲੇਗੀ।
ਉਹਨਾਂ ਨੇ ਬਾਕੀ ਆਗੂਆਂ, ਮੰਤਰੀਆਂ ਅਤੇ ਅਫ਼ਸਰਾਂ ਨੂੰ ਵੀ ਤਾੜਨਾ ਕੀਤੀ ਕਿ ਸਰਕਾਰ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗਾ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਇਕ ਮੰਤਰੀ ਦੇ ਆਡੀਓ ਲੀਕ ਹੋਣ ਮਗਰੋਂ ਉਸ ਨੂੰ ਕੈਬਨਿਟ ਵਿੱਚੋਂ ਕੱਢ ਦਿੱਤਾ ਅਤੇ ਉਸ ਖਿਲਾਫ਼ ਸੀ.ਬੀ.ਆਈ. ਨੂੰ ਮਾਮਲਾ ਸੌਂਪਿਆ ਸੀ।
ਸ੍ਰੀ ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਤਾਂ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਉਨ੍ਹਾਂ ਦੇ ਸਾਥੀ ਮਾਫ਼ੀਆ ਵਿੱਚ ਸ਼ਾਮਲ ਸਨ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਸ੍ਰੀ ਵਿਜੇ ਸਿੰਗਲਾ, ਮਾਨਸਾ ਤੋਂ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਕ ਡਾਕਟਰ ਹੋਣ ਨਾਤੇ ਉਨ੍ਹਾਂ ਨੂੰ ਸਿਹਤ ਮੰਤਰਾਲਾ ਸੌਂਪਿਆ ਗਿਆ ਸੀ।