ਭਾਰਤੀ ਸਿੰਘ ਦੀ ਮੁਆਫ਼ੀ ’ਤੇ ਬੋਲੇ ਗਾਇਕ ਯੁਵਰਾਜ ਹੰਸ, ਕਿਹਾ– ‘ਜੇ ਸਮਝ ਆ ਗਈ ਤਾਂ…’

1973

ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਗੱਲਬਾਤ ਵੀ ਕੀਤੀ।

ਯੁਵਰਾਜ ਹੰਸ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਮਾਨਸੀ ਨੇ ਪੁੱਤਰ ਲਈ ਮੰਨਤ ਮੰਗੀ ਸੀ, ਜਿਸ ਦੇ ਚਲਦਿਆਂ ਉਹ ਗੁਰੂ ਘਰ ਮੱਥਾ ਟੇਕਣ ਆਏ ਹਨ। ਉਨ੍ਹਾਂ ਦਾ ਪੁੱਤਰ ਕਾਫੀ ਬੀਮਾਰ ਹੋ ਗਿਆ ਸੀ ਤੇ ਤਾਲਾਬੰਦੀ ਦੌਰਾਨ ਉਹ ਮੱਥਾ ਟੇਕਣ ਨਹੀਂ ਆ ਸਕੇ।

ਯੁਵਰਾਜ ਹੰਸ ਨੇ ਭਾਰਤੀ ਸਿੰਘ ਦੀ ਦਾੜ੍ਹੀ-ਮੁੱਛਾਂ ’ਤੇ ਕੀਤੀ ਟਿੱਪਣੀ ’ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, ‘‘ਮੈਂ ਭਾਰਤੀ ਸਿੰਘ ਦੀ ਵੀਡੀਓ ਦੇਖੀ ਨਹੀਂ ਪਰ ਮੈਨੂੰ ਇਹ ਸੁਣਨ ’ਚ ਆਇਆ ਹੈ, ਜੋ ਕਿ ਸਹੀ ਨਹੀਂ ਹੈ। ਮੈਨੂੰ ਇਹ ਵੀ ਸੁਣਨ ’ਚ ਆਇਆ ਕਿ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ। ਬਾਬਾ ਜੀ ਉਨ੍ਹਾਂ ਨੂੰ ਥੋੜ੍ਹੀ ਸਮਝਾਰੀ ਦੇਣ ਤੇ ਜੇ ਸਮਝ ਆ ਗਈ ਹੈ ਤਾਂ ਬਹੁਤ ਵਧੀਆ ਗੱਲ ਹੈ।’’

ਯੁਵਰਾਜ ਹੰਸ ਨੇ ਅੱਗੇ ਕਿਹਾ, ‘‘ਮੈਂ ਕਿਸੇ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਰ ਕਿਸੇ ਦੀ ਆਪਣੀ ਮੱਤ ਹੈ। ਜਿਸ ਦਿਨ ਮੈਂ ਕੁਝ ਗਲਤ ਕੀਤਾ, ਉਸ ਦਿਨ ਮੈਨੂੰ ਫੜਿਓ ਪਰ ਰੱਬ ਕਰੇ ਕਿ ਅਜਿਹੀ ਮੱਤ ਕਦੇ ਨਾ ਵੱਜੇ ਕਿ ਗੁਰੂ ਘਰ ਜਾਂ ਕਿਸੇ ਬਾਰੇ ਕੁਝ ਗਲਤ ਆਖਾਂ। ਬਾਬਾ ਜੀ ਮੁਆਫ਼ ਕਰਨ ਪਹਿਲਾਂ ਹੀ ਸਾਨੂੰ, ਕਦੇ ਚਾਹ ਕੇ ਵੀ ਅਜਿਹਾ ਲਫਜ਼ ਨਾ ਨਿਕਲੇ ਗੁਰੂ ਘਰ ਲਈ।’’