ਵੀਡੀਓ ਬਣਾ ਕੇ ਫਾਹੇ ’ਤੇ ਲਟਕਿਆ ਮੁੰਡਾ, ਬੋਲਿਆ…

686

ਪਿਆਰ ’ਚ ਧੋਖਾ ਮਿਲਣ ਤੋਂ ਪ੍ਰੇਸ਼ਾਨ ਹੋਏ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਪਰ ਮਰਨ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਇਲ ’ਤੇ ਵੀਡੀਓ ਬਣਾਈ ਅਤੇ ਬੋਲਿਆ ਕਿ ਮੈਂ ਪਲਕ ਨਾਲ ਪਿਆਰ ਕਰਦਾ ਸੀ, ਜੋ ਕਿਸੇ ਹੋਰ ਦੇ ਨਾਲ ਘੁੰਮ ਰਹੀ ਸੀ। ਇਸ ਲਈ ਮੈਂ ਆਪਣੀ ਜਾਨ ਦੇ ਰਿਹਾ ਹਾਂ। ਇਸ ਤੋਂ ਬਾਅਦ ਉਹ ਫਾਹੇ ਨਾਲ ਝੂਲ ਗਿਆ। ਘਟਨਾ ਦਾ ਪਤਾ ਪਰਿਵਾਰ ਵਾਲਿਆਂ ਦੇ ਘਰ ਪੁੱਜਣ ’ਤੇ ਲੱਗਾ। ਮ੍ਰਿਤਕ ਮਨੀਸ਼ ਕੁਮਾਰ (22) ਹੈ, ਜੋ ਕਿ ਛਾਉਣੀ ਮੁਹੱਲੇ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਡਵੀਜ਼ਨ ਨੰ. 4 ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਇਸ ਮਾਮਲੇ ’ਚ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਲੜਕੀ ਪਲਕ ਅਤੇ ਉਸ ਦੇ ਸਾਥੀ ਲੜਕੇ ਖ਼ਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ ਮਨੀਸ਼ ਕੁਮਾਰ ਇਕ ਦੁਕਾਨ ’ਚ ਕੰਮ ਕਰਦਾ ਸੀ। ਉਹ ਪਲਕ ਨਾਮ ਦੀ ਕੁੜੀ ਨਾਲ ਪਿਆਰ ਕਰਦਾ ਸੀ। ਸ਼ਨੀਵਾਰ ਨੂੰ ਉਹ ਡਾਕਟਰ ਕੋਲ ਦਵਾਈ ਲੈਣ ਲਈ ਗਿਆ, ਜਿੱਥੇ ਰਸਤੇ ’ਚ ਉਸ ਨੇ ਉਕਤ ਲੜਕੀ ਨੂੰ ਕਿਸੇ ਹੋਰ ਲੜਕੇ ਨਾਲ ਦੇਖ ਲਿਆ। ਉਸ ਨੇ ਉਸ ਨੂੰ ਕਾਲ ਕੀਤੀ ਪਰ ਲੜਕੀ ਨੇ ਕਾਲ ਨਹੀਂ ਚੁੱਕੀ। ਇਸ ਤੋਂ ਬਾਅਦ ਨੌਜਵਾਨ ਇੰਨਾ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਅਤੇ ਆਪਣੀ ਦੁਕਾਨ ’ਤੇ ਚਲਾ ਗਿਆ, ਜਿੱਥੇ ਉਸ ਨੇ ਦੁਕਾਨ ਮਾਲਕ ਨੂੰ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਉਹ ਘਰ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਘਰ ਚਲਾ ਗਿਆ ਅਤੇ ਘਰ ਜਾ ਕੇ ਮੋਬਾਇਲ ’ਤੇ ਵੀਡੀਓ ਬਣਾ ਕੇ ਲੜਕੀ ਦੇ ਧੋਖਾ ਦੇਣ ਕਾਰਨ ਜਾਨ ਦੇਣ ਸਬੰਧੀ ਕਿਹਾ। ਇਸ ’ਚ ਉਸ ਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈ। ਇਸ ਤੋਂ ਬਾਅਦ ਉਹ ਫਾਹੇ ਨਾਲ ਝੂਲ ਗਿਆ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਦੀ ਮੌਤ ਦੀ ਜ਼ਿੰਮੇਵਾਰੀ ਪਲਕ ਅਤੇ ਉਸ ਦਾ ਦੋਸਤ ਹੈ, ਜੋ ਉਸ ਦੇ ਬੇਟੇ ਨੂੰ ਧਮਕਾਉਂਦੇ ਸਨ।

ਉਧਰ, ਐੱਸ. ਐੱਚ. ਓ. ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਨੇ ਮੋਬਾਇਲ ’ਤੇ ਵੀਡੀਓ ਬਣਾਈ ਸੀ, ਉਸੇ ਦੇ ਆਧਾਰ ’ਤੇ ਲੜਕੀ ਅਤੇ ਲੜਕੇ ਖ਼ਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ, ਜਦੋਂਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।.