ਨਜ਼ਦੀਕੀ ਰਿਸ਼ਤੇਦਾਰ ਨੇ ਹੀ ਕੀਤਾ ਸੀ ਬਜ਼ੁਰਗ ਜੋੜੇ ਦਾ ਕਤਲ

2174

ਸਥਾਨਕ ਭਾਈ ਰਣਧੀਰ ਸਿੰਘ ਨਗਰ ‘ਚ ਬੁੱਧਵਾਰ ਦੀ ਦੇਰ ਰਾਤ ਹੋਏ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ ਪੁਲਿਸ ਵਲੋਂ ਸੁਲਝਾ ਲਈ ਗਈ ਹੈ ਤੇ ਇਸ ਮਾਮਲੇ ‘ਚ ਪੁਲਿਸ ਵਲੋਂ ਬਜ਼ੁਰਗ ਜੋੜੇ ਦੇ ਲੜਕੇ ਦੇ ਸਾਲੇ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਪੁਲਿਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਚਰਨਜੀਤ ਸਿੰਘ ਜਗਦੇਵ ਪੁੱਤਰ ਜਗਤਾਰ ਸਿੰਘ ਜਗਦੇਵ ਵਾਸੀ ਇੰਗਲੈਂਡ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਚਰਨਜੀਤ ਸਿੰਘ ਦੀ ਭੈਣ ਸਨਪ੍ਰੀਤ ਕੌਰ ਦਾ ਵਿਆਹ ਮਿ੍ਤਕ ਸੁਖਦੇਵ ਸਿੰਘ ਲੋਟੇ ਦੇ ਪੁੱਤਰ ਜਗਮੋਹਨ ਨਾਲ ਹੋਇਆ ਸੀ | ਜਗਮੋਹਨ ਤੇ ਉਸ ਦੀ ਪਤਨੀ ਵੀ ਇੰਗਲੈਂਡ ‘ਚ ਰਹਿੰਦੇ ਹਨ |

ਉਨ੍ਹਾਂ ਦੱਸਿਆ ਕਿ ਚਰਨਜੀਤ ਨੇ ਪੁਲਿਸ ਪਾਸ ਮੁੱਢਲੀ ਪੁੱਛ ਪੜਤਾਲ ਦੌਰਾਨ ਦੱਸਿਆ ਹੈ ਕਿ ਸੁਖਦੇਵ ਸਿੰਘ ਲੋਟੇ ਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਅਕਸਰ ਉਸ ਦੀ ਭੈਣ ਦੇ ਘਰ ਜ਼ਿਆਦਾ ਦਖਲ ਅੰਦਾਜ਼ੀ ਕਰਦੇ ਸਨ ਤੇ ਇਸ ਦਖਲਅੰਦਾਜ਼ੀ ਕਾਰਨ ਹੀ ਉਸ ਦੀ ਭੈਣ ਤੇ ਜੀਜੇ ਵਿਚਾਲੇ ਤਕਰਾਰ ਰਹਿੰਦਾ ਸੀ, ਜਿਸ ਕਾਰਨ ਉਹ ਇਨ੍ਹਾਂ ਨਾਲ ਰੰਜਿਸ਼ ਰੱਖਣ ਲੱਗ ਪਿਆ | ਕਥਿਤ ਦੋਸ਼ੀ ਚਰਨਜੀਤ ਸਿੰਘ ਇਸ ਸਾਲ ਜਨਵਰੀ ਮਹੀਨੇ ‘ਚ ਇੰਗਲੈਂਡ ਤੋਂ ਲੁਧਿਆਣਾ ਆਇਆ ਸੀ | ਚਰਨਜੀਤ ਅੱਜ ਕੱਲ੍ਹ ਗਿੱਲ ਪਿੰਡ ਨੇੜੇ ਸਥਿਤ ਆਪਣੇ ਸਹੁਰੇ ਪਰਿਵਾਰ ਦੇ ਘਰ ਰਹਿ ਰਿਹਾ ਸੀ | ਘਟਨਾ ਵਾਲੇ ਦਿਨ ਕਥਿਤ ਦੋਸ਼ੀ ਚਰਨਜੀਤ ਸਿੰਘ ਬਜ਼ੁਰਗ ਜੋੜੇ ਦੇ ਘਰ ਆਇਆ ਤੇ ਬਜ਼ੁਰਗ ਜੋੜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਚਰਨਜੀਤ ਸਿੰਘ ਵਲੋਂ ਬਜ਼ੁਰਗ ਜੋੜੇ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ, ਸਿੱਟੇ ਵਜੋਂ ਸੁਖਦੇਵ ਸਿੰਘ ਲੋਟੇ ਤੇ ਉਸ ਦੀ ਪਤਨੀ ਗੁਰਮੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ |

ਪੁਲਿਸ ਵਲੋਂ ਇਸ ਮਾਮਲੇ ‘ਚ ਮਿ੍ਤਕਾ ਦੀ ਲੜਕੀ ਰੁਪਿੰਦਰ ਕੌਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਸੀ | ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਦੀ ਸ਼ਨਾਖਤ ਕੀਤੀ ਤੇ ਉਸ ਨੂੰ ਕਾਬੂ ਕਰ ਲਿਆ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ 10 ਮਈ ਨੂੰ ਵਾਪਸ ਇੰਗਲੈਂਡ ਜਾਣਾ ਸੀ | ਪਹਿਲਾਂ ਉਸ ਦਾ ਇੰਗਲੈਂਡ ਵਾਪਸ ਜਾਣ ਦਾ ਪ੍ਰੋਗਰਾਮ ਜੂਨ ‘ਚ ਸੀ, ਪਰ ਉਸ ਨੇ ਇਸ ਕਤਲ ਦੀ ਯੋਜਨਾ ਕਰਕੇ ਆਪਣਾ ਪ੍ਰੋਗਰਾਮ ਬਦਲ ਲਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ | ਚਰਨਜੀਤ ਸਿੰਘ ਮੂਲ ਰੂਪ ‘ਚ ਇੰਗਲੈਂਡ ਦਾ ਵਾਸੀ ਹੈ ਤੇ ਉਸ ਨੇ ਬੀ. ਐਸ. ਈ. ਦੀ ਪੜ੍ਹਾਈ ਕੀਤੀ ਹੈ |