ਸਿੱਧੂ ਮੂਸੇ ਵਾਲਾ ਦੀ ਪੰਜਾਬ ਵਿਧਾਨ ਸਭਾ ਚੋਣਾਂ 2022 ’ਚ ਵੱਡੀ ਹਾਰ ਹੋਈ ਹੈ। ਸਿੱਧੂ ਮੂਸੇ ਵਾਲਾ ਨੂੰ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ 60 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।
ਇਸ ਹਾਰ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਪੰਜਾਬੀ ਗਾਇਕ ਗੈਰੀ ਸੰਧੂ ਨੇ ਵੀ ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਟਿੱਪਣੀ ਕੀਤੀ ਹੈ।
ਗੈਰੀ ਸੰਧੂ ਨੇ ਸਨੈਪਚੈਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸਿੱਧੂ ਮੂਸੇ ਵਾਲਾ ਦਾ ਗੀਤ ਲਗਾਇਆ ਗਿਆ ਹੈ, ਜਿਸ ਨਾਲ ਗੈਰੀ ਨੇ ਲਿਖਿਆ ਹੈ, ‘ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ।’
ਦੱਸ ਦੇਈਏ ਕਿ ਗੈਰੀ ਸੰਧੂ ਤੇ ਸਿੱਧੂ ਮੂਸੇ ਵਾਲਾ ਦੀ ਤਕਰਾਰ ਕੁਝ ਸਮੇਂ ਬਾਅਦ ਦੇਖਣ ਨੂੰ ਮਿਲਦੀ ਰਹਿੰਦੀ ਹੈ। ਉਥੇ ਸਿੱਧੂ ਮੂਸੇ ਵਾਲਾ ’ਤੇ ਗੈਰੀ ਸੰਧੂ ਦਾ ਕੁਮੈਂਟ ਕਰਨਾ ਹੈਰਾਨੀ ਵਾਲੀ ਗੱਲ ਨਹੀਂ ਹੈ।
ਸਿੱਧੂ ਮੂਸੇ ਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਹਨ। 63323 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਜਿੱਤ ਹਾਸਲ ਕੀਤੀ ਹੈ।
ਸਿੱਧੂ ਮੂਸੇ ਵਾਲਾ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਤੋਂ ਹੀ ਪਿੱਛੇ ਚੱਲ ਰਹੇ ਸਨ। ਹੁਣ ਸਿੱਧੂ ਮੂਸੇ ਵਾਲਾ ਦਾ ਚੋਣ ਹਾਰਨ ਮਗਰੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।ਪਹਿਲੀ ਸਟੋਰੀ ’ਚ ਸਿੱਧੂ ਮੂਸੇ ਵਾਲਾ ਲਿਖਦੇ ਹਨ, ‘ਵਾਹਿਗੁਰੂ ਤੇਰਾ ਸ਼ੁਕਰ।’ ਇਸ ਤੋਂ ਬਾਅਦ ਸਿੱਧੂ ਨੇ ਦੂਜੀ ਸਟੋਰੀ ਸਾਂਝੀ ਕੀਤੀ ਹੈ ਲਿਖਿਆ, ‘ਧੰਨਵਾਦ ਮਾਨਸਾ ਵਾਲਿਓ, ਤੁਹਾਡੇ ਪਿਆਰ, ਸਤਿਕਾਰ ਤੇ ਸਾਥ ਲਈ। ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿਤਾਉਣ ਲਈ ਹੀ ਮਿਹਨਤ ਕੀਤੀ।’ਸਿੱਧੂ ਨੇ ਅੱਗੇ ਲਿਖਿਆ, ‘ਵਾਹਿਗੁਰੂ ਨੇ ਹਿੰਮਤ ਬਖ਼ਸ਼ੀ ਤੇ ਅੱਗੇ ਵੀ ਕਰਦਾ ਰਹੂ। ਉਮੀਦ ਕਰਦਾ ਤੁਹਾਡੇ ਅਗਲੇ ਐੱਮ. ਐੱਲ. ਏ. ਤੁਹਾਡੀ ਬਿਹਤਰੀ ਲਈ ਚੰਗੇ ਕੰਮ ਕਰੂ। ਜਿੱਤ ਮੁਬਾਰਕ।’ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਵਿਧਾਨ ਸਭਾ ਚੋਣਾਂ ਲੜੇ। ਸਿੱਧੂ ਨੇ ਆਪਣੇ ਕਰੀਅਰ ਦੀਆਂ ਬੁਲੰਦੀਆਂ ਸਮੇਂ ਰਾਜਨੀਤੀ ’ਚ ਆਉਣ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਨਹੀਂ ਮਿਲ ਸਕਿਆ।
ਸਿੱਧੂ ਮੂਸੇਵਾਲੇ ਦੀ ਹਾਰ ਤੇ ਗੈਰੀ ਸੰਧੂ ਨੇ ਆਖੀ ਇਹ ਗੱਲ, ਮੂਸੇਵਾਲਾ ਸ਼ਰਮ ਨਾਲ ਹੋਇਆ ਪਾਣੀ ਪਾਣੀ