ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ’ਤੇ ਲਗਾਏ ਗੰਭੀਰ ਇਲਜ਼ਾਮ, ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ

1646

ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ।

ਚੰਡੀਗੜ੍ਹ: ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ’ਤੇ ਇਲਜ਼ਾਮ ਲਗਾਏ ਹਨ। ਰੀਨਾ ਰਾਏ ਦਾ ਕਹਿਣਾ ਹੈ ਕਿ ਮਨਦੀਪ ਸਿੱਧੂ ਨੇ ਉਸ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੀਪ ਸਿੱਧੂ ਅਤੇ ਰੀਨਾ ਰਾਏ ਨਾਲ ਸਬੰਧਤ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਰੀਨਾ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ ਜਿੱਥੇ ਉਸ ਨੇ ਦੀਪ ਸਿੱਧੂ ਦੇ ਅਕਾਊਂਟ ਦਾ ਇਕ ਸਕ੍ਰੀਨਸ਼ਾਟ ਪੋਸਟ ਕੀਤਾ ਹੈ। ਸਕਰੀਨਸ਼ਾਟ ‘ਚ ਦੇਖਿਆ ਜਾ ਸਕਦਾ ਹੈ ਕਿ ਰੀਨਾ ਰਾਏ ਨੂੰ ਦੀਪ ਸਿੱਧੂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਬਲਾਕ ਕਰ ਦਿੱਤਾ ਗਿਆ ਹੈ।

ਰੀਨਾ ਰਾਏ ਨੇ ਲਿਖਿਆ, “ਮਨਦੀਪ, ਮੇਰੇ ਪ੍ਰਤੀ ਤੁਹਾਡੇ ਰਵੱਈਏ ਤੋਂ ਮੈਂ ਤੰਗ ਆ ਚੁੱਕੀ ਹਾਂ। ਦੀਪ ਦੇ ਚਲੇ ਜਾਣ ਤੋਂ ਬਾਅਦ ਤੁਸੀਂ, ਮੇਰੇ ਅਤੇ ਮੇਰੇ ਪਰਿਵਾਰ ਨਾਲ ਧੋਖਾ ਕੀਤਾ ਹੈ। ਤੁਸੀਂ ਮੁੰਬਈ ਵਿਚਲੇ ਮੇਰੇ ਅਤੇ ਦੀਪ ਸਿੱਧੂ ਦੇ ਅਪਾਰਟਮੈਂਟ ਵਿਚੋਂ ਸਾਡਾ ਸਾਰਾ ਸਮਾਨ ਚੁੱਕ ਕੇ ਲੈ ਗਏ, ਇਹ ਬਹੁਤ ਹੀ ਘਿਨਾਉਣਾ ਹੈ। ਹੁਣ ਤੁਸੀਂ ਦੀਪ ਸਿੱਧੂ ਦੇ ਇੰਸਟਾਗ੍ਰਾਮ ਪੇਜ ਦੇ ਵੀ ਅਧਿਕਾਰ ਹਾਸਲ ਕਰਕੇ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਨਫੌਲੋ ਕਰ ਦਿੱਤਾ। ਇਸ ਦੇ ਨਾਲ ਹੀ ਦੀਪ ਵੱਲੋਂ ਮੇਰੇ ਸਬੰਧੀ ਪਾਈਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ”

ਰੀਨਾ ਰਾਏ ਨੇ ਲਿਖਿਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਸੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਤੁਸੀਂ ਆਪਣੇ ਮਤਰੇਏ ਭਰਾ ਨਾਲ ਅਜਿਹਾ ਵੀ ਕਰ ਸਕਦੇ ਹੋ। ਦੀਪ ਸਿੱਧੂ ਦੇ ਨਾਲ ਮੇਰੀਆਂ ਤਸਵੀਰਾਂ ਹਟਾ ਦੇਣਾ, ਸੱਚ ਨੂੰ ਕਦੇ ਨਹੀਂ ਲੁਕੋ ਸਕਦਾ। ਦੀਪ ਸਿੱਧੂ ਮੇਰੇ ਦਿਲ ਵਿਚ ਵੱਸਦਾ ਹੈ। ਪਰਮਾਤਮਾ ਸਭ ਦੇਖ ਰਿਹਾ ਹੈ, ਤੁਹਾਡੇ ਕੀਤੇ ਕਰਮ ਸਭ ਅੱਗੇ ਆਉਣਗੇ।