ਅਮਰੀਕਾ ’ਚ ਦੋ ਸਿੱਖਾਂ ’ਤੇ ਹਮਲਾ

3831

ਨਿਊਯਾਰਕ, 13 ਅਪ੍ਰੈਲ – ਨਿਊਯਾਰਕ ਦੇ ਰਿਚਮੰਡ ਹਿੱਲ ‘ਚ ਦੋ ਸਿੱਖਾਂ ‘ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ | ਫਿਲਹਾਲ ਸ਼ਿਕਾਇਤ ਦਾਇਰ ਕੀਤੀ ਗਈ ਹੈ | ਇਹ ਜਾਣਕਾਰੀ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕਰਕੇ ਦਿੱਤੀ ਹੈ | ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ’ਚ ਦੋ ਸਿੱਖ ਵਿਅਕਤੀਆਂ ’ਤੇ ਹੋਏ ਹਮਲੇ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਰਿਚਮੰਡ ਹਿਲ ਨਿਊਯਾਰਕ ਵਿਖੇ ਇਕ ਸਿੱਖ ਬਜ਼ੁਰਗ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕੀਤਾ ਗਿਆ ਸੀ ਅਤੇ ਹੁਣ ਤਾਜ਼ਾ ਵਾਪਰੀ ਘਟਨਾ ਵਿਚ ਇਸੇ ਇਲਾਕੇ ਅੰਦਰ ਦੋ ਸਿੱਖ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਦੁਨੀਆਂ ਵਿਚ ਕਿਤੇ ਵੀ ਆਈ ਮੁਸੀਬਤ ਸਮੇਂ ਹਮੇਸ਼ਾ ਮਾਨੁੱਖਤਾ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ ’ਤੇ ਵੱਸਦਿਆਂ ਸਿੱਖ ਭਾਈਚਾਰੇ ਨੇ ਉਥੋਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿੱਖਾਂ ’ਤੇ ਲਗਾਤਾਰ ਨਸਲੀ ਹਮਲੇ ਹੋ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।