ਪੰਜਾਬ ਵਿੱਚ ਖ਼ੂਨੀ ਝੜਪ, ਗੋਲੀਆਂ ਚੱਲੀਆਂ, 2 ਵਿਅਕਤੀਆਂ ਦੀ ਮੌਤ, 4 ਗੰਭੀਰ

671

ਮਜੀਠਾ, ਅੰਮ੍ਰਿਤਸਰ, 22 ਮਾਰਚ, 2022:ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਇਨਾਇਤਪੁਰ ਵਿੱਚ ਅੱਜ ਹੋਈ ਇਕ ਖ਼ੂਨੀ ਝੜਪ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਘੱਟੋ ਘੱਟ 4 ਹੋਰ ਗੰਭੀਰ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਝਗੜਾ ਗੁੱਜਰਾਂ ਅਤੇ ਪਿੰਡ ਦੇ ਜ਼ਿੰਮੀਦਾਰਾਂ ਵਿਚਾਲੇ ਹੋਇਆ। ਗੁੱਜਰ ਭਾਈਚਾਰੇ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਔਰਤਾਂ ਦਾ ਰਾਹ ਰੋਕਿਆ ਜਾਂਦਾ ਹੈ ਜਦਕਿ ਇਕ ਪੱਖ ਇਹ ਆ ਰਿਹਾ ਹੈ ਕਿ ਝਗੜਾ ਟਰਾਲੀ ਕੱਢਣਨੂੰ ਲੈ ਕੇ ਹਇਆ। ਇਸੇ ਗੱਲ ਨੂੰ ਲੈ ਕੇ ਪਿਛਲੇ ਹਫ਼ਤੇ ਵੀ ਸਥਿਤੀ ਅਣਸੁਖ਼ਾਵੀਂ ਬਣੀ ਸੀ ਪਰ ਪੁਲਿਸ ਨੇ ਸੁਲਹ ਕਰਵਾ ਦਿੱਤੀ ਸੀ।

ਅੱਜ ਇਹ ਮਾਮਲਾ ਫ਼ਿਰ ਭੜਕ ਗਿਆ ਅਤੇ ਜ਼ਿੰਮੀਂਦਾਰਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ 2 ਗੁੱਜਰਾਂ ਦੀ ਮੌਤ ਹੋ ਗਈ ਜਦਕਿ 4 ਹੋਰ ਗੰਭੀਰ ਜਖ਼ਮੀ ਹੋਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚੋਂ ਇਕ ਦੀ ਪਛਾਣ ਸੁਰਮੂ ਪੁੱਤਰ ਫ਼ਿਰੋਜ਼ ਦੀਨ ਵਜੋਂ ਹੋਈ ਹੈ।

ਇਸ ਸੰਬੰਧੀ ਵਿੱਚ ਐਫ.ਆਈ.ਆਰ. ਦਰਜ ਕਰਕੇ ਦੋਸ਼ੀਆਂ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਦਕਿ ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।