ਇੰਨੇ ਦਿਨ ਬੀਤ ਜਾਣ ‘ਤੇ ਵੀ ਪੰਜਾਬ ਦੇ ਸਪੂਤ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਦੀ ਕੋਈ ਉੱਘ ਸੁੱਘ ਨਹੀਂ ਨਿਕਲੀ। ਨਾ ਕਿਸੇ ਪੁਲਿਸ ਅਧਿਕਾਰੀ ਨੂੰ ਪਤਾ, ਨਾ ਮੁਖ਼ਬਰ ਨੂੰ, ਨਾ ਪ੍ਰਸ਼ਾਸਨ ਨੂੰ।
ਸਿੱਖਾਂ ਸਿਰ ਕੋਈ ਕੇਸ ਪਾਉਣਾ ਹੋਵੇ, ਇਹੀ ਪੁਲਿਸ ਗਜ ਗਜ ਲੰਮੀਆਂ ਕਹਾਣੀਆਂ ਕੱਢ ਲਿਆਉੰਦੀ ਹੈ। ਹੁਣ ਮਾਰਨ ਵਾਲਿਆਂ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ? ਸ਼ਰੇਆਮ ਹਜ਼ਾਰਾਂ ਲੋਕਾਂ ਦੀ ਹਾਜ਼ਰੀ ‘ਚ ਨੰਗੇ ਧੜ ਗੋਲੀਆਂ ਚਲਾ ਕੇ ਬੰਦੇ ਕਿੱਥੇ ਗਾਇਬ ਹੋ ਗਏ? ਕਿਸਨੇ ਭੇਜੇ ਸਨ ਹਮਲਾਵਰ? ਇਹ ਸਵਾਲ ਉਸਨੂੰ ਜਾਣਦੇ ਹਰ ਬੰਦੇ ਦੇ ਜ਼ਿਹਨ ‘ਚ ਖੌਰੂ ਪਾ ਰਹੇ ਹਨ।
ਚੋਟੀ ਦਾ ਕਬੱਡੀ ਖਿਡਾਰੀ ਪੰਜਾਬ ਦਾ ਪੁੱਤ ਸੰਦੀਪ ਨੰਗਲ ਅੰਬੀਆਂ ਸ਼ਰੇਆਮ ਦਿਨ ਦਿਹਾੜੇ ਭਰੇ ਇਕੱਠ ਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਸੰਦੀਪ ਦਾ ਪਰਿਵਾਰ ਇਨਸਾਫ ਲਈ ਦੇਹ ਨੂੰ ਲੈਕੇ ਜਲੰਧਰ ਚ ਧਰਨਾ ‘ਤੇ ਬੈਠਿਆਂ 100 ਘੰਟਾ ਬੀਤਣ ਵਾਲਾ ਹੈ। ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਹੀ ਸਰਕਦੀ। ਸੰਦੀਪ ਅੰਤਰਰਾਸ਼ਟਰੀ ਪੱਧਰ ਦਾ ਪਹਿਲੀ ਕਤਾਰ ਦਾ ਖਿਡਾਰੀ ਸੀ। ਆਮ ਬੰਦੇ ਦੀ ਕੀ ਸੁਣਵਾਈ ਹੋਏਗੀ ? ਝੋਟਿਆਂ ਦੇ ਘਰੋਂ ਲੱਸੀਆਂ ਭਾਲਣ ਆਲਾ ਕੰਮ ਹੋਇਆ ਪਿਆ.. ਇਹ ਨਾਇਨਸਾਫੀ ਬਹੁਤ ਸਾਰੀਆਂ ਕਹਾਣੀਆਂ ਨੂੰ ਜਨਮ ਦਿੰਦੀ ਹੈ। ਪੰਜਾਬ ਦੇ ਥੋੜੇ ਬਹੁਤ ਬਚੇ ਧੀਆਂ ਪੁੱਤ ਆਪਣੀ ਧਰਤ ਛੱਡ ਕੇ ਭੱਜਣਗੇ। ਮਾਂ ਖੇਡ ਕਬੱਡੀ ਖੇਡਣ ਨੂੰ ਕੀਹਦਾ ਜੀਅ ਕਰੂਗਾ ?
ਆਵੀਂ ਕਲਗੀਆਂ ਵਾਲਿਆ, ਕੋਈ ਦੇਸ ਨਾ ਸਾਡਾ