ਸੰਦੀਪ ਨੰਗਲ ਅੰਬੀਆ ਦਾ ਕਿਸਨੇ ਕੀਤਾ ਕਤਲ

248

14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਕਲਾਂ ’ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਚੱਲਦੇ ਟੂਰਨਾਮੈਂਟ ’ਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਕੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਇਹ ਕਤਲਕਾਂਡ ਦਿਹਾਤੀ ਪੁਲਸ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਸੀ, ਜਿਸ ’ਚ ਹੁਣ ਪੁਲਸ ਦੇ ਹੱਥ ਬਹੁਤ ਅਹਿਮ ਸੁਰਾਗ਼ ਲੱਗੇ ਹਨ। ਇਨ੍ਹਾਂ ਅਹਿਮ ਸੁਰਾਗਾਂ ਰਾਹੀਂ ਇਸ ਕਤਲਕਾਂਡ ਦੇ ਤਾਰ ਹੁਣ ਜੇਲ੍ਹ ’ਚ ਬੰਦ ਗੈਂਗਸਟਰਾਂ ਨਾਲ ਜੁੜਦੇ ਦਿਖ ਰਹੇ ਹਨ। ਇਸੇ ਤਹਿਤ ਹੀ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਵੱਲੋਂ ਸੰਗਰੂਰ ਜੇਲ੍ਹ ’ ਚ ਬੰਦ ਖ਼ਤਰਨਾਕ ਗੈਂਗਸਟਰ ਫ਼ਤਿਹ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਕੋਦਰ ਲਿਆਂਦਾ ਗਿਆ। ਉਸ ਨੂੰ ਨਕੋਦਰ ਅਦਾਲਤ ’ਚ ਪੇਸ਼ ਕਰਕੇ 5 ਦਿਨਾ ਰਿਮਾਂਡ ’ਤੇ ਲਿਆ ਗਿਆ।

ਇਸ ਦੌਰਾਨ ਰਿਮਾਂਡ ਦੌਰਾਨ ਨਕੋਦਰ ਥਾਣੇ ’ਚ ਐੱਸ. ਐੱਸ. ਪੀ. ਸਤਿੰਦਰ ਸਿੰਘ ਖੁਦ ਗੈਂਗਸਟਰ ਫ਼ਤਿਹ ਤੋਂ ਸੰਦੀਪ ਕਤਲਕਾਂਡ ਨੂੰ ਲੈ ਕੇ 4 ਘੰਟਿਆਂ ਤੋਂ ਵੱਧ ਸਮੇਂ ਤੋਂ ਪੁੱਛਗਿੱਛ ਕੀਤੀ। ਉਥੇ ਹੀ ਦੂਜੇ ਪਾਸੇ ਤਿਹਾੜ ਜੇਲ੍ਹ ’ਚ ਬੰਦ ਖਤਰਨਾਕ ਗੈਂਗਸਟਰ ਕੌਸ਼ਿਕ ਚੌਧਰੀ ਨੂੰ ਨਕੋਦਰ ਲਿਆਉਣ ਲਈ ਪੁਲਸ ਦੀ ਟੀਮ ਰਵਾਨਾ ਹੋ ਚੁੱਕੀ ਹੈ। ਉਸ ਨੂੰ ਵੀ ਰਿਮਾਂਡ ’ਤੇ ਲੈ ਕੇ ਇਸ ਕਤਲਕਾਂਡ ਨੂੰ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਸਤਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਦੀ ਸਖ਼ਤ ਮਿਹਨਤ ਨਾਲ ਇਸ ਕਤਲਕਾਂਡ ਦੀ ਗੁੱਥੀ ਸੁਲਝਦੀ ਦਿਖਾਈ ਦੇ ਰਹੀ ਹੈ।