ਹਾਰ ਤੋਂ ਬਾਅਦ ‘ਚੰਨੀ’ ‘ਸੁਖਬੀਰ’ ‘ਕੈਪਟਨ’ ਤੇ ‘ਸਿੱਧੂ – ਦੇਖੋ ਕਮੇਡੀ

491

ਚੰਡੀਗੜ੍ਹ, 10 ਮਾਰਚ, 2022-2022 ਦੀਆਂ ਚੋਣਾਂ ਦੌਰਾਨ ‘ਆਮ ਆਦਮੀ ਪਾਰਟੀ’ ਦੀ ਹਨੇਰੀ ਨੇ ਬਾਦਲ ਪਰਿਵਾਰ ਦਾ ਕਿਲਾ ਵੀ ਢਹਿ ਢੇਰੀ ਕਰ ਦਿੱਤਾ ਹੈ।ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਪਰਿਵਾਰ ਨਾਲ ਸੰਬੰਧਤ ਸਾਰੇ ਦਿੱਗਜ ਆਗੂ ਆਪੋ ਆਪਣੀਆਂ ਸੀਟਾਂ ਹਾਰ ਗਏ ਹਨ।

ਇੱਥੇ ਹੀ ਬੱਸ ਨਹੀਂ, 80 ਤੋਂ ਵੱਧ ਸੀਟਾਂ ’ਤੇ ਜਿੱਤ ਦਾ ਦਾਅਵਾ ਕਰ ਰਿਹਾ ਅਕਾਲੀ ਦਲ ਜੋ ਆਪਣੀ ਪਿਛਲੇ ਵਾਰ ਦੀ ਕਾਰਗੁਜ਼ਾਰੀ ਤੋਂ ਬਿਹਤਰ ਕਰਨਾ ਚਾਹੁੰਦਾ ਸੀ, ਇਸ ਵਾਰ ਅਜੇ ਤਾਂਈਂ 5 ਸੀਟਾਂ ’ਤੇ ਸਿਮਟਿਆ ਨਜ਼ਰ ਆ ਰਿਹਾ ਹੈ।

ਪਰਿਵਾਰ ਲਈ ਇਕੋ ਸੁਖ਼ਦ ਖ਼ਬਰ ਇਹ ਹੈ ਕਿ ਹਲਕਾ ਮਜੀਠਾ ਤੋਂ ਪਰਿਵਾਰਕ ਮੈਬਰ ਸ: ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਸ੍ਰੀਮਤੀ ਗਨੀਵ ਕੌਰ ਜੇਤੂ ਰਹੇ ਹਨ।ਇਨ੍ਹਾਂ ਚੋਣ ਨਤੀਜਿਆਂ ਨੂੂੰ ਵੇਖ਼ ਕੇ ਅਕਾਲੀ ਦਲ ਦੇ ਵਰਕਰ ਅਤੇ ਆਮ ਲੋਕ ਮੂੰਹ ਵਿੱਚ ਉਂਗਲਾਂ ਪਾ ਰਹੇ ਹਨ।

ਪੰਜ ਵਾਰ ਦੇ ਮੁੱਖ ਮੰਤਰੀ, 10 ਵਾਰ ਦੇ ਵਿਧਾਇਕ, ਸਾਬਕਾ ਕੇਂਦਰੀ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ 94 ਸਾਲਾ ਉਮੀਦਵਾਰ ਅਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ: ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ‘ਆਮ ਆਦਮੀ ਪਾਰਟੀ’ ਦੇ ਸ:ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ ਹੈ।

ਉਨ੍ਹਾਂ ਦੇ ਬੇਟੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖ਼ਬੀਰ ਸਿੰਘ ਬਾਦਲ, ਜਿਨ੍ਹਾਂ ਦੀ ਹਾਰ ਬਾਰੇ ਕੋਈ ਗੱਲ ਵੀ ਨਹੀਂ ਸੀ ਕਰ ਰਿਹਾ, ਜਲਾਲਾਬਾਦ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੂੰ ਵੀ ‘ਆਪ’ ਦੇ ਉਮੀਦਵਾਰ ਸ: ਜਗਦੀਪ ਸਿੰਘ ਗੋਲਡੀ ਕੰਬੋਜ ਨੇ ਹਰਾਇਆ ਹੈ।

ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਜੋ ਇਸ ਵਾਰ ਆਪਣੇ ਹਲਕੇ ਨੂੰ ਛੱਡ ਕੇ ਸ: ਨਵਜੋਤ ਸਿੰਘ ਸਿੱਧੂ ਨੂੰ ਵੰਗਾਰਦੇ ਹੋਏ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇ ਸਨ, ‘ਆਪ’ ਦੀ ਉਮੀਦਵਾਰ ਡਾ: ਜੀਵਨ ਜਿਓਤ ਕੌਰ ਤੋਂ ਹਾਰ ਗਏ ਹਨ। ਉਂਜ ਇੱਥੇ ਸ: ਨਵਜੋਤ ਸਿੰਘ ਸਿੱਧੂ ਵੀ ਹਾਰੇ ਹਨ।

ਬਾਦਲ ਪਰਿਵਾਰ ਲਈ ਚੌਥਾ ਝਟਕਾ ਬਣੀ ਹੈ ਹਲਕਾ ਪੱਟੀ ਤੋਂ ਸਾਬਕਾ ਕੈਬਨਿਟ ਮੰਤਰੀ ਸ:ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਹਾਰ। ਸ: ਕੈਰੋਂ ਜੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਅਤੇ ਸ: ਸੁਖ਼ਬੀਰ ਸਿੰਘ ਬਾਦਲ ਦੇ ਬਹਿਨੋਈ ਹਨ ਵੀ ‘ਆਪ’ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੋਂ ਹਾਰ ਗਏ ਹਨ।