ਸਰਕਾਰੀ ਨੌਕਰੀ ਵਾਲੇ ਲਾੜੇ ਨੇ ਸਟੇਜ ‘ਤੇ ਬੈਠ ਕੇ ਵਿਆਹ ਤੋਂ ਕੀਤਾ ਇਨਕਾਰ, ‘ਮੈਨੂੰ ਇੱਛਾ ਅਨੁਸਾਰ ਨਹੀਂ ਮਿਲਿਆ ਦਹੇਜ ਇਸ ਲਈ ਨਹੀਂ ਕਰਵਾਉਂਗਾ ਵਿਆਹ’, ਕੀ ਤੁਸੀਂ ਲੜਕੇ ਦੀ ਇਸ ਗੱਲ ਨਾਲ ਸਹਿਮਤ ਹੋ ?
ਪੁਰਾਣੇ ਰੀਤੀ ਰਿਵਾਜ ਸਾਡੇ ਸਭਿਆਚਾਰ ਦੀ ਜਿੰਦ – ਜਾਨ ਹਨ , ਪਰ ਜਦੋਂ ਇਨ੍ਹਾਂ ਰੀਤੀ ਰਿਵਾਜਾਂ ਦੇ ਸਹੀ ਉਦੇਸ਼ਾਂ ਨੂੰ ਭੁੱਲ ਕੇ ਇਨ੍ਹਾਂ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਇਹੀ ਰੀਤੀ ਰਿਵਾਜ ਸਾਡੇ ਸਮਾਜ ਲਈ ਸਰਾਪ ਬਣ ਜਾਂਦੇ ਹਨ । ਅਜਿਹੀ ਹੀ ਇਕ ਪ੍ਰਥਾ ਹੈ – ਦਹੇਜ ਪ੍ਰਥਾ । ਇਹ ਪ੍ਰਥਾ ਪੁਰਾਤਨ ਸਮੇਂ ਤੋਂ ਹੀ ਸਾਡੇ ਸਮਾਜ ਵਿੱਚ ਚੱਲੀ ਆ ਰਹੀ ਹੈ । ਇਹ ਪ੍ਰਥਾ ਪੁਰਾਣੇ ਸਮੇਂ ਵਿੱਚ ਉੱਚ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਸੀ । ਦਾਜ ਦਾ ਅਰਥ ਹੈ ਵਿਆਹ ਸਮੇਂ ਦਿੱਤੀਆਂ ਜਾਣ ਵਾਲੀਆਂ ਵਸਤਾਂ । ਦਹੇਜ ਪ੍ਰਥਾ ਦਾ ਵਰਨਣ ਸਾਡੀਆਂ ਪੁਰਾਤਨ ਲੋਕ ਕਥਾਵਾਂ ਅਤੇ ਸਾਹਿਤ ਵਿੱਚ ਵੀ ਮਿਲਦਾ ਹੈ । ਪੁਰਾਣੇ ਸਮੇ ਵਿੱਚ ਵੀ ਮਾਤਾ – ਪਿਤਾ ਲੜਕੀ ਨੂੰ ਉਸਦੇ ਵਿਆਹ ਸਮੇਂ ਘਰ ਦਾ ਸਾਮਾਨ ਤੇ ਪਹਿਰਾਵੇ ਨਾਲ ਸਬੰਧਿਤ ਵਸਤਾਂ ਦਿੰਦੇ ਸਨ ।ਪੁਰਾਣੇ ਸਮਿਆਂ ਵਿੱਚ ਲੜਕੀ ਦਾ ਪਤੀ ਦੇ ਘਰ ਖਾਲੀ ਹੱਥ ਜਾਣਾ ਚੰਗਾ ਸ਼ਗਨ ਨਹੀ ਸਮਝਿਆ ਜਾਂਦਾ ਸੀ ਅਤੇ ਮਾਂ – ਬਾਪ ਵੀ ਧੀ ਨੂੰ ਸ਼ਗਨ ਦੇ ਰੂਪ ਵਿੱਚ ਕੁਝ ਨਾ ਕੁਝ ਦੇਣਾ ਆਪਣਾ ਫਰਜ ਸਮਝਦੇ ਸਨ । ਜਿਸ ਕੋਲ ਜਿੰਨ੍ਹਾਂ ਸਰਦਾ ਸੀ ਉਹ ਆਪਣੀ ਧੀ ਦੀ ਝੋਲੀ ਪਾ ਦਿੰਦਾ ਸੀ , ਪਰ ਪੁਰਾਣੇ ਸਮਿਆਂ ਵਿੱਚ ਇਕ ਚੰਗੇ ਉਦੇਸ਼ ਨੂੰ ਲੈ ਕੇ ਬਣਾਈ ਇਹ ਪ੍ਰਥਾ ਅੱਜ ਕੁਪ੍ਰਥਾ ਬਣ ਚੁੱਕੀ ਹੈ , ਕਿਉਂਕਿ ਅੱਜ ਤਾਂ ਦਹੇਜ ਦੇ ਨਾਮ ‘ਤੇ ਧੀਆਂ ਦੀ ਬਲੀ ਲਈ ਜਾ ਰਹੀ ਹੈ । ਉਨ੍ਹਾਂ ਨੂੰ ਜਿਉਂਦਿਆਂ ਅੱਗ ਵਿੱਚ ਸਾੜਿਆ ਜਾ ਰਿਹਾ ਹੈ , ਕਿਤੇ ਜਹਿਰ ਦੇ ਕੇ ਮਾਰਿਆ ਜਾਂਦਾ ਹੈ , ਕਿਤੇ ਸਟੋਵ ਫਟਦਾ ਹੈ , ਕਿਤੇ ਫਾਹਾ ਦੇ ਕੇ ਮਾਰਿਆ ਜਾ ਰਿਹਾ ਹੈ । ਹਰ ਰੋਜ ਦੀਆਂ ਅਖਬਾਰਾਂ ਅਜਿਹੀਆਂ ਖਬਰਾਂ ਨਾਲ ਭਰੀਆਂ ਹੀ ਮਿਲਦੀਆਂ ਹਨ ।
ਅਸਲ ਵਿੱਚ ਦਹੇਜ ਪ੍ਰਥਾ ਨੂੰ ਸਾਡੇ ਲਾਲਚੀ ਸਮਾਜ ਨੇ ਆਪਣੇ ਲਾਲਚ ਨੂੰ ਪੂਰਾ ਕਰਨ ਦਾ ਸਾਧਨ ਬਣਾ ਲਿਆ ਹੈ । ਅੱਜ ਆਮ ਇਨਸਾਨ ਲਈ ਧੀ ਦਾ ਵਿਆਹ ਕਰਨਾ ਤੇ ਧੀ ਦੇ ਸਹੁਰਿਆਂ ਦੀਆਂ ਮੋਟੀਆਂ – ਮੋਟੀਆਂ ਮੰਗਾ ਨੂੰ ਪੂਰਾ ਕਰਨਾ ਇਕ ਚੁਣੌਤੀ ਬਣਿਆ ਹੋਇਆ ਹੈ । ਵੱਧ ਰਹੇ ਦਾਜ ਦੇ ਲਾਲਚ ਕਾਰਨ ਹੀ ਅੱਜ ਮਾਪੇ ਧੀਆਂ ਨੂੰ ਜੰਮਣ ਤੋਂ ਡਰਦੇ ਹਨ । ਭਰੂਣ ਹੱਤਿਆ ਦਾ ਇਕ ਵੱਡਾ ਕਾਰਨ ਇਹ ਦਹੇਜ ਪ੍ਰਥਾ ਵੀ ਹੈ । ਮਾਪੇ ਅਸਲ ਵਿੱਚ ਧੀਆਂ ਤੋਂ ਨਹੀਂ ਬਲਕਿ ਧੀਆਂ ਦੇ ਕਰਮਾਂ ਤੋਂ ਡਰਦੇ ਹਨ ।ਅੱਜ ਲੜਕੀ ਦੀ ਸ੍ਰੇਸ਼ਟਤਾ ਉਸਦੀ ਪੜ੍ਹਾਈ – ਲਿਖਾਈ , ਉਸਦੀ ਸੁੰਦਰਤਾ , ਉਸਦੀ ਸੁਸ਼ੀਲਤਾ ਤੋਂ ਨਹੀ ਮਾਪੀ ਜਾਂਦੀ ਬਲਕਿ ਦਾਜ ਨਾਲ ਮਾਪੀ ਜਾਂਦੀ ਹੈ । ਦਹੇਜ ਪ੍ਰਥਾ ਦੇ ਵਿਗੜੇ ਹੋਏ ਰੂਪ ਲਈ ਸਿਰਫ ਮੁੰਡੇ ਵਾਲੇ ਇਕੱਲੇ ਜਿੰਮੇਵਾਰ ਨਹੀ ਬਲਕਿ ਕਈ ਕੁੜੀ ਵਾਲੇ ਵੀ ਦਾਜ ਵਿੱਚ ਕਾਰਾਂ , ਜਮੀਨਾਂ , ਗਹਿਣੇ , ਪੈਸੇ ਆਦਿ ਦੇਣ ਨੂੰ ਆਪਣਾ ਵਡੱਪਣ ਸਮਝਦੇ ਹਨ । ਅਮੀਰਾਂ ਲਈ ਤਾਂ ਇਹ ਵਡੱਪਣ ਜਾਂ ਦਿਲ ਪਰਚਾਵਾ ਹੋ ਸਕਦਾ ਹੈ ਪਰ ਇਸ ਨਾਲ ਗਰੀਬ ਪਿਸਦਾ ਹੈ , ਕਿਉਂਕਿ ਦੇਖੋ ਦੇਖੀ ਸਾਰੇ ਦਹੇਜ ਲਈ ਮੂੰਹ ਅੱਡਦੇ ਹਨ । ਗਰੀਬ ਵਿਅਕਤੀ ਲਈ ਤਾਂ ਇਸ ਮਹਿੰਗਾਈ ਵਿੱਚ ਧੀ ਦਾ ਵਿਆਹ ਕਰਨਾ ਹੀ ਇਕ ਵੱਡੀ ਸਮੱਸਿਆ ਹੈ ਫਿਰ ਉਹ ਦਾਜ ਦੀਆਂ ਵੱਡੀਆਂ – ਵੱਡੀਆਂ ਮੰਗਾ ਕਿਵੇਂ ਪੂਰੀਆਂ ਕਰੇ , ਫਿਰ ਇਸੇ ਦਾ ਖਾਮਿਆਜਾ ਭੁਗਤਣਾ ਪੈਂਦਾ ਹੈ ਮਾਸੂਮ ਧੀਆਂ ਨੂੰ ਜੋ ਦਾਜ ਦੀ ਅੱਗ ਵਿੱਚ ਜਿਉਂਦੀਆਂ ਸਾੜੀਆਂ ਜਾਂਦੀਆਂ ਹਨ ।
ਅੱਜ ਰਿਸ਼ਤਾ ਲੜਕੀ ਨਾਲ ਨਹੀ ਚੈਕ ਬੁੱਕ ਨਾਲ ਤੈਅ ਹੁੰਦਾ ਹੈ । ਵਰ੍ਹਾਂ ਦੀ ਨਿਲਾਮੀ ਹੁੰਦੀ ਹੈ , ਜੋ ਜਿੰਨੀ ਵੱਡੀ ਬੋਲੀ ਲਗਾਏਗਾ ਮੁੰਡਾ ਉਨ੍ਹਾ ਦਾ। ਜਿੰਨ੍ਹੀ ਵੱਡੀ ਲੜਕੇ ਦੀ ਡਿਗਰੀ ਦਹੇਜ ਦੀ ਰਕਮ ਵੀ ਉਨ੍ਹੀ ਹੀ ਵੱਡੀ । ਹੁਣ ਕੋਈ ਦੱਸੇ ਕਿ ਜੇਕਰ ਲੜਕਾ ਵੱਧ ਪੜਿਆ – ਲਿਖਿਆ ਹੈ , ਚੰਗਾ ਕਮਾਉਂਦਾ ਹੈ ਤਾਂ ਲੜਕੀ ਦੇ ਪਰਿਵਾਰ ਨੂੰ ਉਸਦਾ ਕੀ ਸੁੱਖ ਹੈ । ਕੀ ਉਸਨੇ ਆਪਣੀ ਕਮਾਈ ਲੜਕੀ ਦੇ ਮਾਂ – ਪਿਓ ਨੂੰ ਦੇਣੀ ਹੈ ਜੋ ਉਸਦੀ ਕੀਮਤ ਲੜਕੀ ਦਾ ਪਰਿਵਾਰ ਚੁਕਾਵੇ । ਜਿਸ ਵਿਅਕਤੀ ਨੇ ਆਪਣੀ ਪਲੀ ਪਲਾਈ ਧੀ , ਆਪਣੇ ਜਿਗਰ ਦਾ ਟੋਟਾ ਦੇ ਦਿੱਤਾ , ਉਸ ਤੋਂ ਵੱਧ ਉਹ ਹੋਰ ਕੀ ਦੇ ਸਕਦਾ ਹੈ ।
ਮਾਂ – ਬਾਪ ਆਪਣੀ ਧੀ ਦਾ ਪਾਲਣ ਪੋਸ਼ਣ ਕਿੰਨੇ ਚਾਵਾਂ ਨਾਲ ਕਰਦੇ ਹਨ , ਫਿਰ ਉਸਦੀ ਪੜਾਈ ਤੇ ਕਿੰਨਾ ਖਰਚ ਕਰਦੇ ਹਨ , ਫਿਰ ਲੜਕੇ ਵਾਲੇ ਲੜਕੀ ਵਾਲਿਆਂ ਤੋਂ ਆਖਰ ਕਿਸ ਗੱਲ ਦੀ ਕੀਮਤ ਮੰਗਦੇ ਹਨ । ਇਹ ਕੀਮਤ ਤਾਂ ਸਗੋਂ ਲੜਕੀ ਪਰਿਵਾਰ ਨੂੰ ਮੰਗਣੀ ਚਾਹੀਦੀ ਹੈ ਲੜਕੇ ਵਾਲਿਆਂ ਤੋਂ ਜਿਨ੍ਹਾਂ ਆਪਣੀ ਪਲੀ – ਪਲਾਈ ਧੀ ਬੇਗਾਨੇ ਹੱਥੀ ਸੌਪਣੀ ਹੈ । ਇਕ ਧੀ ਆਪਣੀ ਵਸੀ – ਵਸਾਈ ਦੁਨੀਆਂ ਇਕ ਪਰਾਏ ਇਨਸਾਨ ਲਈ ਛੱਡ ਕੇ ਉਸਨੂੰ ਅਪਨਾ ਕੇ ਉਸਦੇ ਘਰ , ਉਸਦੇ ਹਰ ਰਿਸ਼ਤੇ ਨੂੰ ਅਪਨਾਉਂਦੀ ਹੈ , ਪਰ ਬਦਲੇ ਵਿੱਚ ਉਸਨੂੰ ਕੀ ਮਿਲਦਾ ਹੈ – ਦਰਦ , ਜਿੱਲਤ ਅਤੇ ਦਾਜ ਦੀ ਅੱਗ ਦਾ ਸੇਕ । ਜੇਕਰ ਉਹ ਜਿਉਂਦੀ ਹੈ ਤਾਂ ਹਰ ਰੋਜ ਮਰ – ਮਰ ਕੇ ਜਿਉਂਦੀ ਹੈ , ਨਹੀ ਤਾਂ ਇਕ ਸਟੋਵ ਫਟਣ ਜਾਂ ਇਕ ਜਹਿਰ ਦੇ ਪਿਆਲੇ ਨਾਲ ਹੀ ਖਤਮ ਕਰ ਦਿੱਤੀ ਜਾਂਦੀ ਹੈ ਸਾਰੀ ਕਹਾਣੀ ।
ਅੱਜ ਲੋੜ ਹੈ ਕਿ ਸਾਰੀ ਨੌਜਵਾਨ ਪੀੜ੍ਹੀ ਅਜਿਹੀਆਂ ਕੁਰੀਤੀਆਂ ਦੇ ਵਿਰੁੱਧ ਆਵਾਜ ਉਠਾਵੇ । ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਇਸ ਕੰਮ ਵਿੱਚ ਮੋਹਰੀ ਬਣਨਾ ਚਾਹੀਦਾ ਹੈ । ਲੜਕੀ ਨੂੰ ਖੁਦ ਉਸ ਘਰ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦੇਣਾ ਚਾਹੀਦਾ ਹੈ ਜਿਥੇ ਦਾਜ ਦੀ ਮੰਗ ਕੀਤੀ ਜਾਵੇ । ਪਿੰਡਾਂ / ਸ਼ਹਿਰਾਂ ਵਿੱਚ ਦਹੇਜ ਪ੍ਰਥਾ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ । ਮਾਪਿਆਂ ਨੂੰ ਲੜਕੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਖੁਦ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਅਤੇ ਆਪਣੇ ਫੈਸਲੇ ਆਪ ਲੈ ਸਕਣ। ਲੜਕੀ ਲਈ ਰਿਸ਼ਤਾ ਲੱਭਣ ਸਮੇਂ ਮਾਪਿਆਂ ਨੂੰ ਲੜਕੇ ਦੇ ਪੂਰੇ ਪਰਿਵਾਰ ਬਾਰੇ ਜਾਂਚ – ਪੜਤਾਲ ਕਰਨੀ ਚਾਹੀਦੀ ਹੈ। ਜਲਦਬਾਜੀ ਵਿੱਚ ਕੀਤੇ ਰਿਸ਼ਤਿਆਂ ਵਿੱਚ ਅਕਸਰ ਧੀਆਂ ਦੇ ਸੁੱਖਾਂ ਦੀ ਆਸ ਲਾਈ ਬੈਠੇ ਮਾਪੇ ਧੀਆਂ ਦੇ ਵਿਨਾਸ਼ ਦਾ ਕਾਰਨ ਆਪ ਹੀ ਬਣ ਜਾਂਦੇ ਹਨ ।