ਜਦੋਂ ਰੋਮਾਨੀਆ ਦੇ ਮੇਅਰ ਨੇ ਭਾਰਤੀ ਮੰਤਰੀ ਨੂੰ ਕਿਹਾ- ਸਟੂਡੈਂਟਾਂ ਦੇ ਖਾਣ ਦਾ ਇੰਤਜ਼ਾਮ ਅਸੀਂ ਕੀਤਾ ਤੁਸੀਂ ਨਹੀਂ
ਨਵੀਂ ਦਿੱਲੀ: ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਭਾਰਤ ਦਾ ‘ਆਪ੍ਰੇਸ਼ਨ ਗੰਗਾ’ ਜਾਰੀ ਹੈ। ਇਸ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਰੋਮਾਨੀਆ ਦੇ ਪ੍ਰਧਾਨ ਮੰਤਰੀ ਨਿਕੋਲੇ ਸਿਉਕਾ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਵਿਚੋਂ ਕੱਢਣ ਦੀ ਪ੍ਰਕਿਰਿਆ ਵਿਚ ਮਦਦ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ। ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੇ ਰੋਮਾਨੀਆ ਦੇ ਹਮਰੁਤਬਾ ਨਾਲ ਟੈਲੀਫੋਨ ‘ਤੇ ਗੱਲਬਾਤ ਕਰਨ ਦੇ ਦੋ ਦਿਨ ਬਾਅਦ ਹੋਈ ਹੈ।
ਮੁਲਾਕਾਤ ਤੋਂ ਬਾਅਦ ਟਵੀਟ ਜ਼ਰੀਏ ਉਹਨਾਂ ਕਿਹਾ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਰੋਮਾਨੀਆ ਦੀਆਂ ਸਰਹੱਦਾਂ ਪਾਰ ਕਰਨ ਵਾਲੇ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ ਹੈ ਅਤੇ ਪਿਛਲੇ 74 ਸਾਲਾਂ ਤੋਂ ਸਾਡੇ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਦੁਹਰਾਇਆ ਹੈ। ਭਾਰੀ ਆਰਥਿਕ ਸੰਭਾਵਨਾ ਅਤੇ ਰੋਮਾਨੀਆ ਵਿਚ ਭਾਰਤੀ ਕਾਰੋਬਾਰਾਂ ਦੀ ਮੌਜੂਦਗੀ ਨੂੰ ਦੇਖਦੇ ਹੋਏ ਇਹ ਦੁਵੱਲੇ ਵਪਾਰ ਨੂੰ ਵਧਾਉਣਾ ਸਾਡੀ ਵਚਨਬੱਧਤਾ ਹੈ।”
ਦੱਸ ਦੇਈਏ ਕਿ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਅਤੇ ਮੋਲਡੋਵਾ ਸਰਹੱਦਾਂ ਤੋਂ ਨਿਕਾਸੀ ਦਾ ਕੰਮ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੂੰ ਇਕ ਜਹਾਜ਼ ਵਿਚ ਦੇਸ਼ ਵਾਪਸ ਆ ਰਹੇ ਵਿਦਿਆਰਥੀਆਂ ਦੇ ਇਕ ਸਮੂਹ ਦੀ ਅਗਵਾਈ ਕਰਦੇ ਹੋਏ ਦੇਖਿਆ ਗਿਆ ਸੀ।