ਸੰਦੀਪ ਸਿੰਘ (ਦੀਪ ਸਿੱਧੂ) ਦੀ ਅੰਤਿਮ ਅਰਦਾਸ ਮੌਕੇ ਅੱਜ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵਿਦੇਸ਼ਾਂ ਤੋਂ ਇਲਾਵਾ ਭਾਰਤ ਦੇ ਕੋਨੇ-ਕੋਨੇ ‘ਚੋਂ ਵੱਡੀ ਗਿਣਤੀ ਪੁੱਜੀਆਂ ਸੰਗਤਾਂ ਵਲੋਂ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ | ਫ਼ਤਹਿਗੜ੍ਹ ਸਾਹਿਬ ਦੇ ਦੀਵਾਨ ਟੋਡਰਮੱਲ ਹਾਲ ‘ਚ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਗਿਆਨੀ ਤਰਸੇਮ ਸਿੰਘ ਮੋਰ ਾਂਵਾਲੀਆਂ ਅਤੇ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਢਾਡੀ ਜਥਿਆਂ ਨੇ ਜਿੱਥੇ ਜੁਸ਼ੀਲੀਆਂ ਵਾਰਾਂ ਤੇ ਤਕਰੀਰਾਂ ਰਾਹੀਂ ਦੀਪ ਸਿੱਧੂ ਦੀ ਸੋਚ ਮੁਤਾਬਿਕ ਪੰਜਾਬ ਦੀਆਂ ਹੱਕੀ ਮੰਗਾਂ, ਖ਼ੁਦ ਮੁਖ਼ਤਿਆਰੀ ਦੀ ਗੱਲ ਅਤੇ ਪੰਜਾਬੀਅਤ ਦੀ ਤਰਜਮਾਨੀ ਦੇ ਜਜ਼ਬੇ ਨੂੰ ਅੱਗੇ ਲੈ ਕੇ ਜਾਣ ਦਾ ਸੁਨੇਹਾ ਦਿੱਤਾ ਉੱਥੇ ਹੀ ਵੱਖ-ਵੱਖ ਕੀਰਤਨ ਜਥਿਆਂ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਵੀ ਸਰਵਣ ਕਰਵਾਇਆ | ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੌਮ ਦੇ ਮਹਾਨ ਯੋਧੇ ਤੇ ਸੂਰਬੀਰਾਂ ਦੀ ਕਦੇ ਵੀ ਅੰਤਿਮ ਅਰਦਾਸ ਨਹੀਂ ਹੁੰਦੀ | ਸਮਾਗਮ ਦੌਰਾਨ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਹਾ ਕਿ ਅੱਜ ਸਾਨੂੰ ਉਨ੍ਹਾਂ ਦੇ ਜਜ਼ਬੇ ਨੂੰ ਅੱਗੇ ਲੈ ਜਾਣ ਦੀ ਲੋੜ ਹੈ |
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕਿਸਾਨ ਸੰਘਰਸ਼ ‘ਚ ਜਿਸ ਕਿਸਮ ਦਾ ਮਾਣਮੱਤਾ ਰੋਲ ਸੰਦੀਪ ਸਿੰਘ ਸਿੱਧੂ ਨੇ ਅਦਾ ਕੀਤਾ ਹੈ ਉਸ ਸਦਕਾ ਉਹ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਅਮਰ ਹੋ ਗਏ ਹਨ | ਇਸ ਮੌਕੇ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹਵਾਰਾ ਦੇ ਧਰਮਪਿਤਾ ਬਾਪੂ ਗੁਰਚਰਨ ਸਿੰਘ ਰਾਹੀਂ ਤਿਹਾੜ ਜੇਲ੍ਹ ‘ਚੋਂ ਲਿਆਂਦੇ ਸ਼ੋਕ ਸੰਦੇਸ਼ ਨੂੰ ਬਲਜੀਤ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ | ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਨਿਭਾਈ, ਜਦੋਂਕਿ ਮਨਦੀਪ ਸਿੰਘ ਸਿੱਧੂ ਨੇ ਵੀ ਆਪਣੇ ਭਰਾ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ੍ਹ ਭੇਟ ਕੀਤੇ | ਸਮਾਗਮ ਦੌਰਾਨ ਜਿੱਥੇ ਦੀਪ ਸਿੱਧੂ ਨੂੰ ਕੌਮੀ ਯੋਧੇ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ ਉਥੇ ਉਨ੍ਹਾਂ ਦੀ ਮਾਤਾ ਨੂੰ ਸੋਨੇ ਦਾ ਮੈਡਲ ਅਤੇ ਸਿਰੋਪਾਉ ਭੇਟ ਕੀਤਾ ਗਿਆ | ਸਮਾਗਮ ‘ਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਬਲਜੀਤ ਸਿੰਘ ਸੰਪਾਦਕ, ਬਾਬਾ ਰਾਜਾ ਰਾਜ ਸਿੰਘ, ਹਰਜੀਤ ਸਿੰਘ ਮਹਿਤਾ ਵਾਲਾ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਜਸਕਰਨ ਸਿੰਘ ਤੇ ਅਮਰੀਕ ਸਿੰਘ ਜਨਹੇੜੀਆਂ, ਹਰਪਾਲ ਸਿੰਘ ਸੁਨਾਮ, ਜਗਦੀਪ ਸਿੰਘ ਥੱਲੀ, ਹਰਨਾਮ ਸਿੰਘ ਸੁਨਾਮ, ਸੁਖਦੇਵ ਸਿੰਘ ਕਰਨਾਲ, ਡਾ. ਮਨਜੀਤ ਸਿੰਘ ਰੰਧਾਵਾ, ਅਮਰਜੀਤ ਸਿੰਘ ਟਿੱਕਾ, ਬਲਜੀਤ ਸਿੰਘ ਭੁੱਟਾ, ਨਰਿੰਦਰ ਸਿੰਘ ਜੰਮੂ ਕਸ਼ਮੀਰ, ਅਸ਼ਮੀਤ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਭਾਈ ਦਲੇਰ ਸਿੰਘ ਡੋਡ, ਐਡਵੋਕੇਟ ਅਨੁਰਾਧਾ ਭਾਰਗਵ, ਸੰਦੀਪ ਸਿੰਘ ਕੈਲੇਫੋਰਨੀਆ, ਅਮਰੀਕ ਸਿੰਘ ਨਿੱਕੇਘੁਮਣਾ, ਭੁਪਿੰਦਰ ਸਿੰਘ ਕਲਕੱਤਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੇ ਭਤੀਜੇ ਜਸਵੰਤ ਸਿੰਘ ਕੈਨੇਡਾ, ਸ਼ਹੀਦ ਭਗਤ ਸਿੰਘ ਦੇ ਪਰਿਵਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪਰਿਵਾਰ ਅਤੇ ਅਮਰੀਕਾ ਦੀ ਸੰਗਤ ਵਲੋਂ ਦੀਪ ਸਿੱਧੂ ਦੇ ਪਰਿਵਾਰ ਨੂੰ ਦਸਤਾਰਾਂ ਵੀ ਭੇਜੀਆਂ ਗਈਆਂ |
ਕੇਸਰੀ ਰੰਗ ‘ਚ ਰੰਗੀ ਗਈ ਫ਼ਤਹਿਗੜ੍ਹ ਸਾਹਿਬ ਦੀ ਧਰਤੀ
ਸ਼ਰਧਾਂਜਲੀ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ‘ਚ ਪੁੱਜੇ ਨੌਜਵਾਨ ਆਪਣੇ ਹੱਥਾਂ ਵਿਚ ਕੇਸਰੀ ਤੇ ਨੀਲੇ ਝੰਡੇ, ਦੀਪ ਸਿੱਧੂ ਦੇ ਸਟਿੱਕਰ, ਬੈਨਰ ਅਤੇ ਸਲੋਗਨ ਲਿਖੀਆਂ ਤਖ਼ਤੀਆਂ ਹੱਥਾਂ ‘ਚ ਫੜ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਲ-ਨਾਲ ‘ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਵੀ ਲਗਾ ਰਹੇ ਸਨ | ਇਸ ਤੋਂ ਇਲਾਵਾ ਸੰਗਤਾਂ ਦੀ ਆਮਦ ਨੂੰ ਮੁੱਖ ਰੱਖ ਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਸਿੰਘ ਸਭਾਵਾਂ ਅਤੇ ਦੀਪ ਸਿੱਧੂ ਦੇ ਸਨੇਹੀਆਂ ਵਲੋਂ ਲੰਗਰਾਂ ਦੇ ਇੰਤਜ਼ਾਮ ਕੀਤੇ ਗਏ ਸਨ | ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਖ਼ੂਨਦਾਨ ਕੈਂਪ ਦੇ ਨਾਲ-ਨਾਲ ਦਸਤਾਰਾਂ ਦੇ ਲੰਗਰ ਲਗਾ ਕੇ ਦੀਪ ਸਿੱਧੂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ, ਉੱਥੇ ਹੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅੰਮਿ੍ਤ ਸੰਚਾਰ ਵੀ ਹੋਇਆ |