ਆਈਲੈਟਸ ਕੇਂਦਰ ਦੇ ਝਗੜੇ ਨੇ ਹਿੰਸਕ ਰੂਪ ਧਾਰਿਆ, ਗੋਲੀਆਂ ਚੱਲੀਆਂ, ਇਕ ਜ਼ਖ਼ਮੀ

368

ਅੰਮ੍ਰਿਤਸਰ, 22 ਫ਼ਰਵਰੀ, 2022:ਅੰਮ੍ਰਿਤਸਰ ਵਿੱਚ ਇਕ ਆਈਲੈਟਸ ਕੇਂਦਰ ਦੇ ਮਾਲਕਾਂ ਅਤੇ ਵਿਦਿਆਰਥੀਆਂ ਖਿਲਾਫ਼ ਫ਼ੀਸ ਨੂੰ ਲੈ ਕੇ ਸ਼ੁਰੂ ਹੋਇਆ ਇਕ ਝਗੜਾ ਤਕਰਾਰ ਅਤੇ ਹੱਥੋਪਾਈ ਤੋਂ ਹੁੰਦਾ ਹੋਇਆ ਗੰਭੀਰ ਹਿੰਸਕ ਰੂਪ ਧਾਰ ਗਿਆ ਜਿਸ ਦੌਰਾਨ ਗੋਲੀਆਂ ਵੀ ਚੱਲੀਆਂ।

ਗੋਲੀਆਂ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜੋ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਘਟਨਾ ਰਣਜੀਤ ਐਵੀਨਿਊ ਦੇ ਬੀ ਬਲਾਕ ਵਿੱਚ ਸਥਿਤ ਅਰਾਧਿਆ ਇੰਸਟੀਚਿਊਟ ਆਫ਼ ਇੰਗਲਿਸ਼ ਐਂਡ ਇਮੀਗਰੇਸ਼ਨ ਵਿੱਚ ਵਾਪਰੀ ਜਿੱਥੇ ਇੰਸਟੀਚਿਊਟ ਦੇ ਮਾਲਕ ਅਤੇ ਕੁਝ ਵਿਦਿਆਰਥੀਆਂ ਵਿਚਾਲੇ ਫ਼ੀਸ ਨੂੰ ਲੈ ਕੇ ਤਕਰਾਰ ਤੋਂ ਸ਼ੁਰੂ ਹੋਈ ਗੱਲ ਹੱਥੋਪਾਈ ਤਕ ਜਾ ਪੁੱਜੀ। ਇਸ ਮੌਕ ਕੁਝ ਹੋਰ ਵਿਦਿਆਰਥੀ ਅਤੇ ਲੋਕ ਮਾਲਕ ਦੇ ਹੱਕ ਵਿੱਚ ਨਿੱਤਰ ਆਏ। ਇਸ ’ਤੇ ਵਿਰੋਧ ਕਰ ਰਹੇ ਵਿਦਿਆਰਥੀ ਇੰਸਟੀਚਿਊਟ ਤੋਂ ਬਾਹਰ ਆ ਗਏ।

ਜਿਵੇਂ ਹੀ ਦੂਜੇ ਵਿਦਿਆਰਥੀ ਇੰਸਟੀਚਿਊਟ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ’ਤੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਹਥਿਆਰਾਂ ਅਤੇ ਹਿੰਸਾ ਦਾ ਇਹ ਨੰਗਾ ਨਾਚ ਇਸ ਪਾਸ਼ ਏਰੀਆ ਦੀਆਂ ਸੜਕਾਂ ’ਤੇ ਨਿਡਰ ਹੋ ਕੇ ਚੱਲਿਆ।

ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਇਕ ਵਿਅਕਤੀ ਨੂੰ ਰਣਜੀਤ ਐਵੀਨਿਊ ਵਿੱਚ ਹੀ ਸਥਿਤ ਪਾਰਵਤੀ ਦੇਵੀ ਹਸਪਤਾਲ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਵਿਅਕਤੀ ਦੀ ਹਾਲਤ ਵੇਖ਼ਦਿਆਂ ਅਜੇ ਡਾਕਟਰਾਂ ਦੀ ਸਲਾਹ ’ਤੇ ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਨਹੀਂ ਕੀਤੇ ਹਨ।

ਮਾਮਲੇ ਦੀ ਸੂਚਨਾ ਮਿਲਣ ’ਤੇ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜੀ ਜਿਸਨੇ ਇਕ ਆਮ ਵਿਅਕਤੀ ਵੱਲੋਂ ਬਣਾਈ ਵੀਡੀਓ ਆਪਣੇ ਕਬਜ਼ੇ ਵਿੱਚ ਲਈ ਅਤੇ ਸੀ.ਸੀ.ਟੀ.ਵੀ ਫੁੱਟੇਜ ਤੋਂ ਵੀ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ।

ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ।