ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦਾ ਆਹਮੋ ਸਾਹਮਣੇ ਟਾਕਰਾ, ਦੇਖੋ ਇੱਕ ਦੂਜੇ ਦੇ ਕੰਨ ਵਿੱਚ ਕੀ ਕਹਿ ਗਏ

207

ਚੰਡੀਗੜ੍ਹ, 20 ਫ਼ਰਵਰੀ, 2022:ਐਤਵਾਰ, 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਹੋ ਰਹੀਆਂ ਚੋਣਾਂ ਵਾਸਤੇ ਵੋਟਾਂ ਪੈਣ ਦੇ ਅਮਲ ਦੇ ਦੌਰਾਨ ਪੰਜਾਬ ਦੀ ਸਭ ਤੋਂ ਵੱਡੀ ‘ਹੌਟ ਸੀਟ’ ਬਣ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਇਕ ਕਮਾਲ ਦਾ ਸਬੱਬ ਬਣਿਆ।

ਇਕ ਪੋਲੰਗ ਬੂਥ ਦੇ ਬਿਲਕੁਲ ਭੀੜੇ ਜਿਹੇ ਛੋਟੇ ‘ਐਂਟਰੀ ਪੁਆਂਇੰਟ’ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹੋ ਗਏ।

ਇਹ ਇੱਡਾ ਵੱਡਾ ਸੰਜੋਗ ਸੀ ਕਿ ਐਂਟਰੀ ਪੁਆਇੰਟ, ਭਾਵ ਛੋਟੇ ਗੇਟ ’ਤੇ ਜਦ ਮਜੀਠੀਆ ਅੰਦਰੋਂ ਬਾਹਰ ਆਏ ਤਾਂ ਬਿਲਕੁਲ ਸਾਹਮਣੇ ਹੀ ਸ: ਨਵਜੋਤ ਸਿੰਘ ਸਿੱਧੂ ਅੰਦਰ ਐਂਟਰ ਹੋਣ ਲਈ ਪੁੱਜ ਗਏ। ਦੋਹਾਂ ਆਗੂਆਂ ਵਿਚਾਲੇ ਦੋ ਫੁੱਟ ਦੀ ਦੂਰੀ ਵੀ ਨਾ ਰਹੀ, ਆਹਮੋ ਸਾਹਮਣੇ ਹੋ ਗਏ ਅਤੇ ਨਜ਼ਰਾਂ ਮਿਲੀਆਂ।

ਖੁਸ਼ਗਵਾਰ ਗੱਲ ਇਹ ਰਹੀ ਕਿ ਦੋਹਾਂ ਆਗੂਆਂ ਵਿਚਾਲੇ ਚੋਣ ਪ੍ਰਚਾਰ ਦੇ ਸਮੇਂ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਤਿੱਖੀ ਇਲਜ਼ਾਮਬਾਜ਼ੀ ਅਤੇ ਬੋਲਾਂ ਕੁਬੋਲਾਂ ਕਾਰਨ ਤਲਖ਼ੀਆਂ ਭਰੇ ਮਾਹੌਲ ਦੇ ਬਾਵਜੂਦ ਜਿਵੇਂ ਹੀ ਦੋਵੇਂ ਆਗੂ ਇਕ ਦੂਜੇ ਦੇ ਸਾਹਮਣੇ ਹੋਏ ਤਾਂ ਸ: ਮਜੀਠੀਆ ਨੇ ਹੱਥ ਜੋੜ ਕੇ ਸ: ਸਿੱਧੂ ਨੂੰ ਫ਼ਤਹਿ ਬੁਲਾਈ ਅਤੇ ਹਾਲ ਪੁੱਛਿਆ ਜਿਸਦੇ ਜਵਾਬ ਵਿੱਚ ਸ: ਸਿੱਧੂ ਨੇ ਕਿਹਾ ਸਭ ਠੀਕ ਹੈ।

ਮਸਾਂ 4-5 ਸੈਕਿੰਡ ਦੀ ਇਸ ‘ਮਿਲਣੀ’ ਦੌਰਾਨ ਸ: ਮਜੀਠੀਆ ਨੇ ਚਿਹਰੇ ’ਤੇ ਮਾਸਕ ਲਗਾਇਆ ਹੋਇਆ ਸੀ ਜਦਕਿ ਸ:ਸਿੱਧੂ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਾਲ ਦਾ ਲਪੇਟਾ ਮਾਰਿਆ ਹੋਇਆ ਸੀ।

ਇਸ ਮਿਲਣੀ ਵਿੱਚ ਕੇਵਲ ਦੁਆ ਸਲਾਮ ਹੀ ਹੋਈ ਅਤੇ ਇਕ ਦੂਜੇ ਨੂੰ ਦੁਆ ਸਲਾਮ ਕਰਨ ਉਪਰੰਤ ਸ: ਮਜੀਠੀਆ ਬਾਹਰ ਵੱਲ ਨੂੰ ਅੱਗੇ ਵਧ ਗਏ ਜਦਕਿ ਸ: ਸਿੱਧੂ ਉਸੇ ਰਸਤਿਉਂ ਪੋÇਲੰਗ ਬੂਥ ਦੇ ਅੰਦਰ ਚਲੇ ਗਏ।

ਸ:ਮਜੀਠੀਆ ਨਾਲ ਇਕ ਹੋਰ ਸਬੱਬ ਵੀ ਵਾਪਰਿਆ। ਜਦ ਉਹ ਇਕ ਬਾਜ਼ਾਰ ਵਿੱਚ ਜਾ ਰਹੇ ਸਨ ਤਾਂ ਸਾਹਮਣਿਉਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ: ਜਗਮੋਹਨ ਸਿੰਘ ਰਾਜੂ ਆ ਗਏ। ਦੋਵਾਂ ਨੇ ਆਪਸ ਵਿੱਚ ਇਕ ਦੂਜੇ ਨੂੂੰ ਘੁੱਟ ਕੇ ਜੱਫ਼ੀ ਪਾਈ ਅਤੇ ਸੰਖੇਪ ਮਿਲਣੀ ਤੋਂ ਬਾਅਦ ਆਪੋ ਆਪਣੇ ਰਸਤੇ ਰਵਾਨਾ ਹੋ ਗਏ।