ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਦੀਪ ਸਿੱਧੂ ਨਮਿਤ ਅਰਦਾਸ ਨਹੀਂ ਕਰਨ ਦਿੱਤੀ ਗਈ

261

ਬੀਸੀ ਦੇ ਸ਼ਹਿਰ ਕਿਲੋਨੇ ਬਾਰੇ ਇਹ ਵੀਡੀਓਜ਼ ਘੁੰਮ ਰਹੀਆਂ ਹਨ, ਜਿੱਥੇ ਕਿ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਸਵਰਗਵਾਸੀ ਦੀਪ ਸਿੱਧੂ ਨਮਿਤ ਅਰਦਾਸ ਨਹੀਂ ਕਰਨ ਦਿੱਤੀ ਗਈ।
ਇਹ “ਓਕਨਾਗਨ ਸਿੱਖ ਗੁਰਦੁਆਰਾ ਸਾਹਿਬ” ਦੀ ਗੱਲ ਹੈ, ਜਿਸਦੇ ਨਵੀਨਵਾਦੀ ਅਖਵਾਉਂਦੇ ਪ੍ਰਬੰਧਕ ਹਮੇਸ਼ਾ ਭਾਰਤ ਪੱਖੀ ਰਹੇ ਹਨ ਤੇ ਪੰਥਕ ਸਿਧਾਂਤਾਂ ਦੇ ਉਲਟ। ਉਹੀ ਧੜਾ, ਜਿਨ੍ਹਾਂ ਵੈਨਕੂਵਰ ਆਏ ਮੋਦੀ ਦਾ ਗੁਰਦੁਆਰੇ ‘ਚ ਸਵਾਗਤ ਕੀਤਾ ਸੀ।

ਨੌਜਵਾਨਾਂ ਨੂੰ ਨਾ ਨਿਰਾਸ਼ ਹੋਣ ਦੀ ਲੋੜ ਹੈ ਤੇ ਨਾ ਕਿਸੇ ਨਾਲ ਬਹਿਸਣ ਦੀ, ਨਾਲ ਹੀ ਦੂਜਾ ਸਥਾਨ “ਗੁਰਦੁਆਰਾ ਗੁਰੂ ਅਮਰਦਾਸ ਦਰਬਾਰ” 220 Davie Road Kelowna ਵਿਖੇ ਸੁਸ਼ੋਭਿਤ ਹੈ, ਉੱਥੇ ਜਾ ਕੇ ਇਕੱਠੇ ਹੋਣ। ਇਨ੍ਹਾਂ ਪ੍ਰਬੰਧਕਾਂ ਨੂੰ ਸੁਮੱਤ ਬਖ਼ਸ਼ਣ ਦੀ ਅਰਦਾਸ ਵੀ ਕਰਨ, ਜੋ ਜਹਾਨੋਂ ਚਲੇ ਗਏ ਨਾਲ ਵੀ ਏਨੀ ਨਫ਼ਰਤ ਰੱਖਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਿੱਕੇ ਨਿੱਕੇ ਬੰਦਿਆਂ ਤਹੱਈਆ ਕੀਤਾ ਸੀ ਕਿ ਓਹਨੂੰ ਜਿਓਣ ਜੋਗਾ ਨਹੀਂ ਛੱਡਣਾ, ਓਹ ਐਸੀ ਮੌਤ ਖੱਟ ਗਿਆ ਜਿਹੜੀ ਲੱਖਾਂ ਜ਼ਿੰਦਗੀਆਂ ਨਾਲ਼ੋਂ ਵੀ ਮਹਿੰਗੀ ਆ। ਧਾਨੂੰ ਓਹ ਧਰਨੇ ‘ਚ ਬੈਠਾ ਪੰਜਾਬ ਤੇ ਸਿੱਖ ਵਿਰਾਸਤ ਦੀ ਗੱਲ ਕਰਦਾ ਵੀ ਚੁੱਭਦਾ ਸੀ, ਓਹ ਓਥੇ ਜਾ ਬੈਠਾ ਜਿੱਥੇ ਅਮਰ ਹੋ ਜਾਈਦਾ। ਓਹਦੇ ਟੈਟੂ ਬਣਨਗੇ ਤੇ ਟੀ ਸ਼ਰਟਾਂ ਵਿਕਿਆ ਕਰਨਗੀਆਂ, ਪਰ ਧਾਡੇ ਨਾਮ ਇਤਿਹਾਸ ਨੇ ਕਾਲੇ ਅੱਖਰਾਂ ‘ਚ ਲਿਖਣੇ ਵੀ ਜ਼ਰੂਰੀ ਨਹੀਂ ਸਮਝਣੇ। ਪੰਜਾਬ ਦੇ ਗੱਭਰੂ ਓਹਦੇ ਸਿਰਹਾਣੇ ਬੈਠੇ ਓਹਦਾ ਸਿਵਾ ਠੰਡਾ ਹੋਣ ਤੱਕ ਨਾਹਰੇ ਲਾਂਓਦੇ ਰਹੇ, ਤੇ ਰਹਿੰਦੀ ਦੁਨੀਆ ਤੱਕ ਓਹਦੀ ਯਾਦ ‘ਚ ਇਹਨਾਂ ਨਾਹਰਿਆਂ ਨਾਲ ਅਸਮਾਨ ਗੂੰਜਦੇ ਰਹਿਣਗੇ, ਪਰ ਧਾਡੇ ਮਰਨ ਤੇ ਕਿਸੇ ਅਖਬਾਰ ਨੇ ਡੱਬੀ ਜਿੰਨੀ ਖਬਰ ਵੀ ਨਹੀਂ ਲਾਓਣੀ। ਓਹ ਕੌਮੀਂ ਇਤਿਹਾਸ ਤੇ ਮਾਣ ਕਰਨ ਦੀ ਜਾਚ ਦੱਸਦਾ ਸੀ, ਤੇ ਆਪ ਵੀ ਮਾਣ ਕਰਾਓਣ ਜੋਗਾ ਹੋਕੇ ਵਿਦਾ ਹੋਇਆ, ਤੁਸੀਂ ਨਿਗੂਣੇ ਜੀਵ, ਸਿਆਸੀ ਗਿਣਤੀਆਂ ਮਿਣਤੀਆਂ ਤੇ ਨਫ਼ੇ ਨੁਕਸਾਨਾਂ ਦੀ ਕਸਵੱਟੀ ਤੇ ਬੰਦੇ ਪਰਖਣ ਵਾਲੇ, ਕਦੀ ਕੁਝ ਮਾਣ ਕਰਨ ਜੋਗਾ ਨਹੀਂ ਸਿਰਜ ਸਕੋਗੇ। ਜਿੱਥੇ ਵੀ ਚਾਰ ਸਿਰ ਜੁੜ ਕੇ ਬਹਿਆ ਕਰਨਗੇ, ਓਥੇ ਓਹਦੀਆਂ ਅਠਾਰਵੀਂ ਸਦੀ ਦੇ ਹਵਾਲੇ ਦੇਕੇ ਕੀਤੀਆਂ ਗੱਲਾਂ, ਸ਼ਹੀਦਾਂ ਸਿੰਘਾ ਦੇ ਪਹਿਰੇ ਤੇ ਗੁਰੂ ਦੇ ਅੰਗ ਸੰਗ ਹੋਣ ਦੀਆਂ ਬਾਤਾਂ ਪਿਆ ਕਰਨਗੀਆਂ, ਪਰ ਸ਼ਰਮਿੰਦਿਆਂ ਦੇ ਗਦਾਰੀ ਦੇ ਵੰਡੇ ਸਰਟੀਫਿਕੇਟ ਤੇ ‘ਵਿਚਾਰਧਾਰਕ ਵਖਰੇਵੇਂ’ ਦਾ ਹਵਾਲਾ ਦੇਕੇ ਲਿਖੇ ਹਿਰਖ ਦੇ ਟੁੱਚੇ ਲੇਖ ਧਾਡੇ ਗੀਦੀਪੁਣੇ ਦਾ ਸਬੂਤ ਦਿੰਦੇ ਰਹਿਣਗੇ।
ਪਿੱਪਲ਼ ਸਿੰਘ