ਫਸਲਾਂ ਤੇ ਨਸਲਾਂ ਦੀ ਗੱਲ
ਕੌਮੀ ਹੋਂਦ ਬਚਾਉਣ ਦੀ ਗੱਲ
ਗੁਲਾਮੀ ਮਹਿਸੂਸ ਕਰਨ ਦੀ ਗੱਲ
ਕਲਾ ਵਰਤਦੀ ਦੀ ਗੱਲ
ਸ਼ਹੀਦੀ ਪਹਿਰੇ ਦੀ ਗੱਲ ਤੇ ਉਹ ਹੋਰ ਸਾਰੀਆਂ ਗੱਲਾਂ, ਜੋ ਦੀਪ ਕਰਦਾ ਸੀ, ਜਿਸ ਦਿਨ ਅਸੀਂ ਕਰਨੋਂ ਹਟ ਗਏ, ਉਸਦੀ ਮੌਤ ਉਸ ਦਿਨ ਹੋਣੀ, ਵਰਨਾ ਓਹਨੇ ਮਰਨਾ ਤਾਂ ਕੀ ਕਦੇ ਬੁੱਢਾ ਵੀ ਨੀ ਹੋਣਾ।
ਸਾਡੇ ਸਮਿਆਂ ਦਾ ਇਹ ਇਤਿਹਾਸਿਕ ਮੋੜ ਹੈ, ਸਾਡੇ ਲਈ ਚੁਣੌਤੀ ਹੈ, ਅਸੀਂ ਇੱਕ ਦੀਪ ਤੋਂ ਲੋਅ ਲੈ ਕੇ ਹਜ਼ਾਰਾਂ ਦੀਪ ਬਣਨਾ।
ਤਹੱਈਆ ਕਰੋ ਕਿ ਜਿਹੜੀਆਂ ਗੱਲਾਂ ਉਹ ਕਰਦਾ ਸੀ, ਜਿਵੇਂ ਪੁਰਾਤਨ ਸਿੰਘਾਂ ਦੇ ਇਤਿਹਾਸ ਨੂੰ ਮਹਿਸੂਸ ਕਰਕੇ ਭਵਿੱਖ ਦੇਖਦਾ ਸੀ, ਉਹੋ ਜਿਹੀ ਆਪਣੀ ਬੁੱਧੀ ਤੇਜ ਕਰਨੀ। ਗੁਰਬਾਣੀ ਪੜ੍ਹੋ, ਗੁਰ ਇਤਿਹਾਸ ਪੜ੍ਹੋ, ਪੁਰਾਤਨ ਸਿੰਘ-ਸਿੰਘਣੀਆਂ ਦਾ ਇਤਿਹਾਸ ਪੜ੍ਹੋ, ਵਰਤਮਾਨ ਸੰਘਰਸ਼ ਦਾ ਇਤਿਹਾਸ ਪੜ੍ਹੋ, ਤੁਹਾਡੇ ‘ਚ ਖ਼ੁਦ ਬ ਖ਼ੁਦ ਦੀਪ ਜੰਮ ਪੈਣਾ। ਅਗਾਂਹ ਜੂਝਣ ਦੀ ਕਲਾ ਮਹਾਰਾਜ ਨੇ ਆਪ ਵਰਤਾਉਣੀ।
ਜਿਹੜਾ ਜੂਝ ਸਕਦਾ, ਉਹ ਮੌਕੇ ਤੇ ਹਾਲਾਤ ਮੁਤਾਬਕ ਜੂਝੇ, ਜਿਹੜਾ ਨਹੀਂ ਜੂਝ ਸਕਦਾ, ਉਹ ਜੂਝਣ ਵਾਲੇ ਦੀ ਮਦਦ ਕਰੇ, ਜਿਹੜਾ ਮਦਦ ਵੀ ਨਹੀਂ ਕਰ ਸਕਦਾ, ਉਹ ਜੂਝਣ ਵਾਲਿਆਂ ਦੇ ਰਾਹ ‘ਚ ਰੋੜੇ ਨਾ ਸੁੱਟੇ।
ਕੌਮ ਦੀ ਬੇਅਰਾਮੀ ਉਸਲ਼ਵੱਟੇ ਲੈ ਰਹੀ ਹੈ, ਕੌਮੀ ਭਾਵਨਾਵਾਂ ਦਾ ਜਵਾਲਾਮੁਖੀ ਫਟਣ ਨੂੰ ਕਰਦਾ। ਕਦੇ ਭਾਈ ਰਾਜੋਆਣੇ ਨੂੰ ਫਾਂਸੀ ਮੌਕੇ, ਕਦੇ ਸਰਬੱਤ ਖਾਲਸੇ ਮੌਕੇ, ਕਦੇ ਬਰਗਾੜੀ ਮੋਰਚੇ ‘ਤੇ ਅਤੇ ਕਦੇ ਕਿਸਾਨ ਮੋਰਚੇ ‘ਚ ਕੌਮ ਜ਼ੋਰ ਮਾਰ ਕੇ ਅੱਗੇ ਵਧਣਾ ਚਾਹੁੰਦੀ ਹੈ। ਲਾਲ ਕਿਲ੍ਹੇ ‘ਤੇ ਝੁੱਲਿਆ ਝੰਡਾ ਕੌਮੀ ਵੇਗ ਅਤੇ ਭਾਵਨਾਵਾਂ ਦੀ ਤਰਜਮਾਨੀ ਹੀ ਸੀ।
ਅੱਜ ਦੀਪ ਦੇ ਸਸਕਾਰ ‘ਤੇ ਹੋਇਆ ਇਕੱਠ ਸਿੱਧ ਕਰਦਾ ਕਿ ਦੀਪ ਸ਼ਹੀਦੀ ਪਹਿਰੇ ਹੇਠ ਕੌਮੀ ਸੰਘਰਸ਼ ਨੂੰ ਕਈ ਕਦਮ ਅੱਗੇ ਵਧਾ ਗਿਆ। ਸੰਘਰਸ਼ ਏਦਾਂ ਹੀ ਚੱਲਦੇ, ਫੌਜ ਅੱਗੇ ਵਧਦੀ ਜਾਂਦੀ, ਜਰਨੈਲ ਕੁਰਬਾਨ ਹੁੰਦੇ ਜਾਂਦੇ, ਨਵੇਂ ਆ ਜਾਂਦੇ, ਬੱਸ ਫੌਜ ਅੱਗੇ ਵਧਣਾ ਨਾ ਛੱਡੇ। ਨੇੜ ਭਵਿੱਖ ਤੇ ਦੂਰ ਭਵਿੱਖ ਦੇ ਨਿਸ਼ਾਨੇ ਲੱਭੇ ਜਾਣ ਤੇ ਲਗਾਤਾਰ ਉਨ੍ਹਾਂ ਵੱਲ ਵਧਿਆ ਜਾਵੇ।
ਪੰਥ ਪੰਜਾਬ ਜ਼ਿੰਦਾਬਾਦ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ