ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ
ਦਿੱਲੀ ਲਾਗੇ ਕੁੰਡਲ਼ੀ-ਮਾਨੇਸਰ-ਪਲਵਲ ਹਾਈਵੇਅ ‘ਤੇ ਵਾਪਰੇ ਗੰਭੀਰ ਹਾਦਸੇ ‘ਚ ਦੀਪ ਸਿੱਧੂ ਉਦੋਂ ਜ਼ਖਮੀ ਹੋ ਗਿਆ, ਜਦ ਉਹ ਆਪਣੀ ਗੱਡੀ ‘ਚ ਜਾ ਰਿਹਾ ਸੀ। ਬਾਅਦ ‘ਚ ਉਸਦੀ ਮੌਤ ਹੋ ਗਈ।
ਪੰਜਾਬ ਤੇ ਸਿੱਖਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਜਿਸ ਕਦਰ ਦੀਪ ਨੇ ਰੂਹ ਤੋਂ ਪਛਾਣ ਕੇ ਗੱਲਬਾਤ ਕੀਤੀ ਸੀ, ਉਸਨੇ ਪੰਥਕ ਰਾਜਨੀਤੀ ਦੇ ਖੜ੍ਹੇ ਪਾਣੀਆਂ ‘ਚ ਹਲਚਲ ਮਚਾ ਦਿੱਤੀ ਸੀ। ਕਿਸਾਨ ਮੋਰਚੇ ਦੌਰਾਨ ਅਤੇ ਹੁਣ ਉਸ ਵਲੋੰ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਸਤੇ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਕੀਤੀਆਂ ਗੱਲਾਂ ਲੋਕਾਂ ਦੇ ਮਨ ਕੀਲ ਰਹੀਆਂ ਸਨ।
“ਦੀਪ ਭਾਜਪਾ ਦਾ ਬੰਦਾ” ਕਹਿਣ ਵਾਲੇ ਬਹੁਤੇ ਭਾਜਪਾ ‘ਚ ਚਲੇ ਗਏ ਪਰ ਉਹ ਆਪਣੇ ਅੰਤ ਤੱਕ ਪੰਜਾਬ ਅਤੇ ਸਿੱਖਾਂ ਲਈ ਕੂਕਦਾ ਰਿਹਾ। ਇਲਜ਼ਾਮ, ਬੇਇੱਜ਼ਤੀ, ਦੂਸ਼ਣਬਾਜ਼ੀ ਝੱਲ ਕੇ ਵੀ ਭੱਜਾ ਨਹੀਂ,
ਵਿੱਚ ਆ ਕੇ ਬਹਿੰਦਾ-ਖੜ੍ਹਦਾ ਰਿਹਾ।
ਇਹ ਹਾਦਸਾ ਹੋਇਆ ਜਾਂ ਕਤਲ? ਇਹ ਸਵਾਲ ਹਰ ਮਨ ਵਿੱਚ ਹੈ। ਇੱਕ ਵਧੀਆ ਅਦਾਕਾਰ ਅਤੇ ਪੰਜਾਬ ਪ੍ਰਸਤ ਨੌਜਵਾਨ ਦੀਪ ਸਿੱਧੂ ਦੇ ਮਰਨ ‘ਤੇ ਲੋਕ ਰੋ ਰਹੇ ਹਨ। ਇਹ ਉਸਦਾ ਹਾਸਲ ਹੈ।
ਅਲਵਿਦਾ ਬਾਈ। ਲੋਕ ਤੇਰੀਆਂ ਗੱਲਾਂ ਕਰਦੇ ਰਹਿਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਸਾਡੇ ਲੋਕਾਂ ਦੇ ਦੰਭ ਅਤੇ ਕਮੀਨਗੀ ਦੀ ਹੱਦ ਹੋਈ ਪਈ, ਅੱਜ ਉਹ ਵੀ ਰੋ ਰਹੇ ਹਨ, ਜਿਨ੍ਹਾਂ ਸਦਾ ਉਸਦਾ ਵਿਰੋਧ ਕੀਤਾ, ਉਸਨੂੰ ਰੱਜ ਕੇ ਜ਼ਲੀਲ ਕੀਤਾ, ਉਸਦੀ ਸੁਣੀ ਹੀ ਨਹੀਂ, ਬੱਸ ਉਲਟ ਫ਼ਤਵੇ ਦਿੱਤੇ, ਉਸਦੇ ਪਰਿਵਾਰ ਤੱਕ ਗਏ, ਉਸਦੀ ਪੰਜਾਬ ਪ੍ਰਸਤ ਸੋਚ ਦਾ ਮਜ਼ਾਕ ਉਡਾ ਕੇ ਕਦੇ ਉਸਨੂੰ ਭਾਜਪਾ ਨਾਲ ਜੋੜਦੇ ਰਹੇ ਤੇ ਕਦੇ ਕਹਿੰਦੇ ਰਹੇ ਕਿ ਇਹ ਸਿਆਸਤ ਕਰਨ ਆਇਆ। ਮੁੜ ਖ਼ੁਦ ਉਹ ਕੁਝ ਕੀਤਾ, ਜਿਸਦੇ ਇਲਜ਼ਾਮ ਉਸ ‘ਤੇ ਲਾਉਂਦੇ ਰਹੇ।
ਬੇਇਤਬਾਰੇ ਉਸਨੂੰ ਕਸਵੱਟੀਆਂ ਲਾ ਲਾ ਕੇ ਪਰਖਦੇ ਰਹੇ ਤੇ ਉਹ ਸਹੀ ਹੈ ਜਾਂ ਗਲਤ ਦਾ ਨਤੀਜਾ ਉਨ੍ਹਾਂ ਨੂੰ ਦੇਣ ਤੋਂ ਪਹਿਲਾਂ ਹੀ ਤੁਰ ਗਿਆ। ਭਾਈ ਜੋਗਾ ਸਿੰਘ ਖਾਲਸਿਤਾਨੀ ਦਾ ਕਤਲ ਚੇਤੇ ਆ ਗਿਆ। ਸਟੇਟ ਦੇ ਨੈਰੇਟਿਵ ਨੂੰ ਅੱਡੀ ਗੱਡ ਕੇ ਚੈਲੇਂਜ ਕਰਨ ਵਾਲੇ ਬੰਦੇ ਬਚਦੇ ਨਹੀਂ। ਬਾਕੀ ਵੀ ਸਾਵਧਾਨ ਹੋਵੋ।
ਇਹ ਵੇਲਾ ਦੁੱਖ ਜਰਨ ਅਤੇ ਚੁਣੌਤੀ ਕਬੂਲਣ ਵਾਲਾ ਹੈ, ਦਿਲ ਛੱਡਣ ਵਾਲਾ ਨਹੀਂ। ਮਹਾਰਾਜ ਨੇ ਤਾਂ ਖ਼ੁਦ ਪੁੱਤ ਵਾਰ ਕੇ ਸਾਨੂੰ ਸਬਰ ਕਰਨਾ ਸਿਖਾਇਆ ਸੀ। ਭਾਣਾ ਮੰਨਣਾ ਪੈਣਾ।
ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਬਲਕਿ ਦੁਨੀਆ ਦੀ ਹਰ ਥਾਂ ਜਿੱਥੇ ਸਿੱਖ ਵਸਦੇ ਹਨ, ਉਸਦੀ ਯਾਦ ‘ਚ ਪਾਠ ਆਰੰਭ ਕਰਾਏ ਜਾਣ, ਸਸਕਾਰ ‘ਤੇ ਇਕੱਠ ਦਾ ਸੱਦਾ ਖ਼ੁਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੇਣ, ਚਾਰ ਸਿਰ ਜੁੜਨ ਤੇ ਉਸਦੀਆਂ ਗੱਲਾਂ ‘ਤੇ ਚਰਚਾ ਹੋਵੇ। ਜਿਸ ਸੋਚ ਦਾ ਉਹ ਧਾਰਨੀ ਸੀ, ਉਸ ਸੋਚ ਨੂੰ ਅਗਾਂਹ ਤੋਰਨਾ ਹੁਣ ਉਹ ਸੋਚ ਪਸੰਦ ਕਰਨ ਵਾਲਿਆਂ ਲਈ ਚੁਣੌਤੀ ਹੈ, ਪੰਜਾਬ ਇਸ ਬੇਵਕਤ ਚਲਾਣੇ ‘ਤੇ ਚੋਣਾਂ ਦੌਰਾਨ ਕਿਵੇਂ ਪ੍ਰਤੀਕਰਮ ਦਿੰਦਾ, ਭਵਿੱਖ ਇਸ ਨਾਲ ਜੁੜਿਆ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ