ਸੜਕ ਹਾਦਸੇ ਵਿਚ ਦੀਪ ਸਿੱਧੂ ਦੀ ਮੌਤ – ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਮੌਕੇ ’ਤੇ ਹੀ ਦਮ ਤੋੜ ਗਏ

234

ਨਹੀਂ ਰਹੇ ਦੀਪ ਸਿੱਧੂ – ਅਦਾਕਾਰ ਅਤੇ ਕਿਸਾਨ ਅੰਦਲਨ ਦੇ ਵੱਡੇ ਚਿਹਰੇ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ

ਸੋਨੀਪਤ, 15 ਫ਼ਰਵਰੀ, 2022:ਫ਼ਿਲਮ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਇਕ ਵੱਡੇ ਚਿਹਰੇ ਦੀਪ ਸਿੱਧੂ ਦੀ ਅੱਜ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਖ਼ਰਖੌਦਾ ਥਾਣੇ ਦੇ ਐੱਸ.ਐਚ.ੳ. ਸ: ਜਸਪਾਲ ਸਿੰਘ ਅਨੁਸਾਰ ਉਨ੍ਹਾਂ ਦੇ ਨਾਲ ਉਨ੍ਹਾ ਦੀ ਸਕਾਰਪੀਓ ਗੱਡੀ ਵਿੱਚ ਸਫ਼ਰ ਕਰ ਰਹੀ ਇਕ ਮਹਿਲਾ ਮਿੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਮਹਿਲਾ ਮਿੱਤਰ ਅਮਰੀਕਾ ਤੋਂ ਦੱਸੀ ਜਾ ਰਹੀ ਹੈ ਅਤੇ ਉਸਦਾ ਨਾਂਅ ਰੀਨਾ ਹੈ। ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਦੀਪ ਸਿੱਧੂ ਦਿੱਲੀ ਤੋਂ ਖ਼ੁਦ ਆਪਣਾ ਵਾਹਨ ਡਰਾਈਵ ਕਰਕੇ ਵਾਪਸ ਆ ਰਹੇ ਸਨ ਜਦ ਲਗਪਗ 9 ਵਜੇ ਉਨ੍ਹਾਂ ਦੀ ਸਕਾਰਪੀਓ ਕੇ.ਐਮ.ਪੀ. ਮਾਰਗ ’ਤੇ ਇਕ ਖੜ੍ਹੇ ਹੋਏ ਕੰਟੇਨਰ ਮਗਰ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਮੌਕੇ ’ਤੇ ਹੀ ਦਮ ਤੋੜ ਗਏ।

ਉਨ੍ਹਾਂ ਦੀ ਮ੍ਰਿਤਕ ਦੇਹ ਸੋਨੀਪਤ ਦੇ ਖਰਖ਼ੌਦਾ ਸਥਿਤ ਹਸਪਤਾਲ ਵਿਖ਼ੇ ਲਿਜਾਈ ਗਈ ਹੈ।ਇਹ ਸੰਜੋਗ ਹੀ ਰਿਹਾ ਕਿ ਉਸੇ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਹੀ ਦੀਪ ਸਿੱਧੂ ਦਾ ਅੰਤ ਹੋਇਆ ਜਿਸ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਬਾਅਦ ਵਿੱਚ ਉਹ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰ ਗਏ।

ਕਿਸਾਨ ਅੰਦੋਲਨ ਦੌਰਾਨ ਹੀ 26 ਜਨਵਰੀ ਨੂੰ ਲਾਲ ਕਿਲਾ ਹਿੰਸਾ ਵਿੱਚ ਉਹਨਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਬਹੁਤ ਮੁਸ਼ਕਿਲ ਨਾਲ ਉਨ੍ਹਾਂ ਦੀ ਜ਼ਮਾਨਤ ਹੋਈ ਸੀ।
ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੀਪ ਸਿੱਧੂ ਤੋਂ ਨਾਤਾ ਤੋੜ ਲਿਆ ਸੀ ਅਤੇ ਉਸਦੀ ਮੋਰਚੇ ਦੀਆਂ ਸਟੇਜਾਂ ’ਤੇ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੰਜਾਬ ਚੋਣਾਂ ਵਿੱਚ ਉਹ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਚੋਣ ਪ੍ਰਚਾਰ ਕਰ ਰਹੇ ਸਨ।