ਸਿੱਧੂ ਮੂਸੇ ਵਾਲਾ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ

312

ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਾਨਸਾ ਤੋਂ ਅੱਜ ਨਾਮਜ਼ਦਗੀ ਪੱਤਰ ਭਰਿਆ ਹੈ। ਇਸ ਗੱਲ ਦੀ ਜਾਣਕਾਰੀ ਸਿੱਧੂ ਮੂਸੇ ਵਾਲਾ ਨੇ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ ਹੈ।

ਸਿੱਧੂ ਮੂਸੇ ਵਾਲਾ ਨੇ ਨਾਮਜ਼ਦਗੀ ਪੱਤਰ ਭਰਨ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨਾਲ ਕੈਪਸ਼ਨ ’ਚ ਸਿੱਧੂ ਨੇ ਲਿਖਿਆ, ‘ਮਾਨਸਾ ਵਿਧਾਨ ਸਭਾ ਸੀਟ ਤੋਂ ਆਪਣੀ ਉਮੀਦਵਾਰੀ ਲਈ ਨਾਮਜ਼ਦਗੀ ਪੱਤਰ ਦਿੱਤਾ ਤਾਂ ਮੇਰੇ ਲਈ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਸੀ ਕਿ ਮੈਂ ਇਹ ਪਲ ਆਪਣੇ ਪਰਿਵਾਰ ਨਾਲ ਸਾਂਝਾ ਕਰ ਸਕਿਆ।’

ਸਿੱਧੂ ਨੇ ਅੱਗੇ ਲਿਖਿਆ, ‘ਮਾਨਸਾ ਦੇ ਲੋਕਾਂ ਨੇ ਹਮੇਸ਼ਾ ਮੇਰੇ ’ਤੇ ਪਿਆਰ ਤੇ ਅਸੀਸਾਂ ਦੀ ਵਰਖਾ ਕੀਤੀ ਹੈ ਤੇ ਹੁਣ ਉਨ੍ਹਾਂ ਦੀ ਸੇਵਾ ਕਰਨ ਦਾ ਸਮਾਂ ਹੈ।’ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਹੇਠ ਵਿਧਾਨ ਸਭਾ ਚੋਣਾਂ ਲੜਨਗੇ। ਪੰਜਾਬ ’ਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ।

ਚੋਣ ਕਮਿਸ਼ਨ ਨੇ ਰੋਡ ਸ਼ੋਅ ਕੱਢਣ, ਪੈਦਲ ਯਾਤਰਾ, ਵਾਹਨ ਰੈਲੀਆਂ ਅਤੇ ਜਲੂਸਾਂ ’ਤੇ ਲੱਗੀ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ ਪਰ ਨਾਲ ਹੀ ਘਰ-ਘਰ ਪ੍ਰਚਾਰ ਅਤੇ ਜਨਤਕ ਮੀਟਿੰਗਾਂ ਸਬੰਧੀ ਨਿਯਮਾਂ ਵਿੱਚ ਛੋਟ ਦਿੱਤੀ ਹੈ। ਨਵੀਆਂ ਛੋਟਾਂ ਅਨੁਸਾਰ ਹੁਣ ਘਰ ਘਰ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ 10 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ ਜਦੋਂ ਕਿ ਜਨਤਕ ਮੀਟਿੰਗ ਵਿੱਚ ਹੁਣ 1,000 ਲੋਕਾਂ ਦੇ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਇਨਡੋਰ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵੀ 300 ਤੋਂ ਵਧਾ ਕੇ 500 ਕਰ ਦਿੱਤੀ ਹੈ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਅਨੂਪ ਚੰਦਰ ਪਾਂਡੇ ਨਾਲ ਚੋਣਾਂ ਵਾਲੇ ਸੂਬਿਆਂ ਗੋਆ, ਮਨੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਰੋਨਾ ਹਾਲਾਤ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਬਾਅਦ ਉਕਤ ਫੈਸਲਾ ਕੀਤਾ ਹੈ।