ਗੁਜਰਾਤ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਫਿਰ ਅਮਰੀਕਾ ਸਰਹੱਦ ਪਾਰ ਕਰਦਿਆਂ, ਕੈਨੇਡੀਅਨ ਸੂਬੇ ਮੈਨੀਟੋਬਾ ਦੀ ਸਰੀਰ ਜਮਾ ਦੇਣ ਵਾਲੀ ਸਨੋਅ ‘ਚ ਮਾਰੇ ਗਏ ਗੁਜਰਾਤੀ ਪਰਿਵਾਰ ਦੀ ਪਛਾਣ ਹੋ ਚੁੱਕੀ ਹੈ।
ਮਰਨ ਵਾਲਿਆਂ ‘ਚ 39 ਸਾਲਾ ਜਗਦੀਸ਼ ਬਲਦੇਵਭਾਈ ਪਟੇਲ, ਉਸਦੀ 37 ਸਾਲਾ ਪਤਨੀ ਵੈਸ਼ਾਲੀਬੇਨ ਪਟੇਲ, ਉਨ੍ਹਾਂ ਦੀ 11 ਸਾਲਾ ਬੱਚੀ ਵਿਹਾਂਗੀ ਪਟੇਲ ਅਤੇ 3 ਸਾਲਾ ਬੱਚਾ ਧਾਰਮਿਕ ਪਟੇਲ ਸ਼ਾਮਲ ਸਨ।
ਗੁਜਰਾਤ ਦੇ ਇੱਕੋ ਪਿੰਡ ਤੋਂ 18 ਜਣੇ ਟਰੈਵਲ ਏਜੰਟ ਰਾਹੀਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਪੁੱਜੇ ਸਨ ਅਤੇ ਅਗਾਂਹ ਅਮਰੀਕਾ ਆਪਣੇ ਜਾਣਦਿਆਂ ਕੋਲ ਪੁੱਜਣਾ ਸੀ। ਬਰਫਬਾਰੀ, -35 ਤਾਪਮਾਨ, ਸਰਦ ਹਵਾਵਾਂ ਅਤੇ ਹਨੇਰੇ ‘ਚ ਇਹ 4 ਜਣੇ ਬਾਕੀਆਂ ਨਾਲੋਂ ਵਿੱਛੜ ਗਏ ਤੇ ਮਾਰੇ ਗਏ।
ਬਹੁਤਾ ਕਰਕੇ ਪੰਜਾਬੀਆਂ ਲਈ ਕੈਨੇਡਾ ਹੀ ਅੰਤਿਮ ਨਿਸ਼ਾਨਾ ਹੁੰਦਾ ਪਰ ਗੁਜਰਾਤੀ ਅਮਰੀਕਾ ਜਾਣ ਦੇ ਵਧੇਰੇ ਇਛੁੱਕ ਹੁੰਦੇ ਕਿਉਂਕਿ ਉਨ੍ਹਾਂ ਦੀ ਜਾਣ-ਪਛਾਣ ਓਧਰ ਵੱਧ ਹੋਣ ਕਾਰਨ ਸੈੱਟ ਹੋਣਾ ਸੌਖਾ ਹੋ ਜਾਂਦਾ।
ਇਸ ਮਾਮਲੇ ‘ਚ ਇੱਕ ਅਮਰੀਕਨ ਨਾਗਰਿਕ ਅਮਰੀਕਾ ‘ਚ ਅਤੇ 6 ਜਣੇ ਭਾਰਤ ‘ਚ ਫੜੇ ਗਏ ਹਨ।ਚੰਗੀ ਜ਼ਿੰਦਗੀ ਦੀ ਭਾਲ਼ ‘ਚ ਮੌਤ ਕੋਲੋਂ ਹਾਰਨ ਵਾਲੇ ਇਸ ਪਰਿਵਾਰ ਦੀ ਗਾਥਾ ਮਨ ਦੁਖੀ ਕਰਦੀ ਹੈ।
ਅਮਰੀਕਾ-ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ ਚਾਰ ਭਾਰਤੀਆਂ ਬਾਰੇ ਵੇਰਵੇ ਇਕੱਤਰ ਕਰਨ ਲਈ ਕੈਨੇਡਾ ਸਥਿਤ ਭਾਰਤੀ ਮਿਸ਼ਨ ਨੇ ਲਗਾਤਾਰ ਕੈਨੇਡੀਅਨ ਅਥਾਰਿਟੀ ਨਾਲ ਰਾਬਤਾ ਬਣਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੇਹੱਦ ਸਰਦ ਮੌਸਮੀ ਹਾਲਤਾਂ ਵਿਚ ਮਰਨ ਵਾਲਿਆਂ ’ਚ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਸੀ। ਇਹ ਸਾਰੇ ਕੈਨੇਡਾ ਵੱਲੋਂ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਮਰੀਕਾ ਨੇ ਬਿਨਾਂ ਢੁੱਕਵੇਂ ਦਸਤਾਵੇਜ਼ਾਂ ਤੋਂ ਸੱਤ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਕ ਅਮਰੀਕੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਉਤੇ ਮਨੁੱਖੀ ਤਸਕਰੀ ਕਰਵਾਉਣ ਦਾ ਦੋਸ਼ ਲਾਇਆ ਗਿਆ ਹੈ। ਉਹ ਕੈਨੇਡਾ ਤੋਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਮਦਦ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ 19 ਜਨਵਰੀ ਨੂੰ ਅਮਰੀਕਾ ਦੇ ਮਿਨੀਸੋਟਾ ਸੂਬੇ ਵਿਚ ਸਥਾਨਕ ਪ੍ਰਸ਼ਾਸਨ ਨੂੰ ਅਮਰੀਕਾ-ਕੈਨੇਡਾ ਦੀ ਹੱਦ ਨੇੜੇ ਕੁਝ ਲੋਕ ਮਿਲੇ ਸਨ ਜਿਨ੍ਹਾਂ ਕੋਲ ਲੋੜੀਂਦੇ ਕਾਗਜ਼ਾਤ ਨਹੀਂ ਸਨ। ਉਨ੍ਹਾਂ ਕੋਲੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਕੈਨੇਡੀਅਨ ਪੁਲੀਸ ਕੁਝ ਲੋਕਾਂ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਮੈਨੀਟੋਬਾ ਸੂਬੇ ਵਿਚ ਮਿਲੀਆਂ ਹਨ।
ਇਕ ਪੁਰਸ਼, ਇਕ ਔਰਤ, ਇਕ ਲੜਕੇ ਤੇ ਇਕ ਬੱਚੇ ਦੀ ਠੰਢ ਕਾਰਨ ਮੌਤ ਹੋਈ ਹੈ। ਪੜਤਾਲ ਮਗਰੋਂ ਇਨ੍ਹਾਂ ਸਾਰਿਆਂ ਨੂੰ ਭਾਰਤੀ ਨਾਗਰਿਕ ਦੱਸਿਆ ਗਿਆ ਸੀ। ਇਨ੍ਹਾਂ ਦੀ ਸ਼ਨਾਖ਼ਤ ਲਈ ਹੋਰ ਯਤਨ ਕੀਤੇ ਜਾ ਰਹੇ ਹਨ ਤੇ ਨਾਗਰਿਕਤਾ ਬਾਰੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਤ੍ਰਾਸਦੀ ਨੇ ‘ਹਿਲਾ ਕੇ ਰੱਖ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਅਮਰੀਕਾ ਵੱਲ ਮਨੁੱਖੀ ਤਸਕਰੀ ਰੋਕਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਟਰੂਡੋ ਨੇ ਕਿਹਾ ਕਿ ਇਸੇ ਲਈ ਉਹ ਲੋਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਤੋਂ ਰੋਕਦੇ ਹਨ ਕਿਉਂਕਿ ਇਸ ਵਿਚ ਵੱਡਾ ਜੋਖ਼ਮ ਹੈ। ਦੱਸਣਯੋਗ ਹੈ ਕਿ ਟੋਰਾਂਟੋ ਦੇ ਭਾਰਤੀ ਕੌਂਸਲੇਟ ਨੇ ਤੁਰੰਤ ਇਕ ਕੌਂਸਲਰ ਟੀਮ ਮੈਨੀਟੋਬਾ ਭੇਜੀ ਹੈ ਜੋ ਕਿ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਕਰ ਰਹੀ ਹੈ। ਓਟਵਾ ਦਾ ਭਾਰਤੀ ਹਾਈ ਕਮਿਸ਼ਨ ਵੀ ਕੈਨੇਡਾ ਸਰਕਾਰ ਤੇ ਸੂਬਾਈ ਪ੍ਰਸ਼ਾਸਨ ਦੇ ਸੰਪਰਕ ਵਿਚ ਹੈ। ਅਮਰੀਕਾ ਦੇ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਕ ਟੀਮ ਮਿਨੀਪੋਲਿਸ ਭੇਜੀ ਹੈ ਜੋ ਕਿ ਮਦਦ ਕਰ ਰਹੀ ਹੈ। ਉਨ੍ਹਾਂ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਤੱਕ ਕੌਂਸਲਰ ਪਹੁੰਚ ਮੰਗੀ ਹੈ।
ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਵੀ ਅਮਰੀਕਾ ਦੇ ਨਿਆਂ ਤੇ ਕਸਟਮ ਵਿਭਾਗ, ਬਾਰਡਰ ਪੁਲੀਸ ਦੇ ਸੰਪਰਕ ਵਿਚ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ 47 ਸਾਲਾ ਅਮਰੀਕੀ ਨਾਗਰਿਕ ਸਟੀਵ ਸੈਂਡ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਭਾਰਤੀਆਂ ਦੇ ਮਰਨ ਬਾਰੇ ਮੈਨੀਟੋਬਾ ਪੁਲੀਸ ਨੇ ਵੀਰਵਾਰ ਜਾਣਕਾਰੀ ਜਨਤਕ ਕੀਤੀ ਸੀ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਗੁਜਰਾਤੀ ਮੂਲ ਦੇ ਹਨ।
ਮਨਫ਼ੀ 35 ਡਿਗਰੀ ਤਾਪਮਾਨ ’ਚ 11 ਘੰਟਿਆਂ ਤੋਂ ਚੱਲ ਰਹੇ ਸਨ
ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਜਿਹੜੀ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ, ਉਸ ਮੁਤਾਬਕ ਅਮਰੀਕਾ ਵਾਲੇ ਪਾਸੇ ਜਿਹੜੇ ਵਿਦੇਸ਼ੀ ਨਾਗਰਿਕ ਮਿਲੇ ਹਨ, ਉਹ ਇਕ ਵੱਡੇ ਗਰੁੱਪ ਦਾ ਹਿੱਸਾ ਸਨ ਤੇ ਗੁਜਰਾਤੀ ਵਿਚ ਗੱਲ ਕਰ ਰਹੇ ਹਨ। ਵੇਰਵਿਆਂ ਮੁਤਾਬਕ ਇਹ ਕਰੀਬ 11 ਘੰਟਿਆਂ ਤੋਂ ਚੱਲ ਰਹੇ ਸਨ। ਦੱਸਣਯੋਗ ਹੈ ਕਿ ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਅਤਿ ਦੀ ਸਰਦੀ ਪੈਂਦੀ ਹੈ ਤੇ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਰਹਿੰਦਾ ਹੈ। ਕੈਨੇਡੀਅਨ ਪੁਲੀਸ ਦਾ ਕਹਿਣਾ ਹੈ ਕਿ ਜਿੱਥੇ ਲਾਸ਼ਾਂ ਮਿਲੀਆਂ ਹਨ ਉੱਥੇ ਤਾਪਮਾਨ ਸਿਫ਼ਰ ਤੋਂ 35 ਡਿਗਰੀ ਹੇਠਾਂ ਸੀ।
ਗ਼ੈਰਕਾਨੂੰਨੀ ਅਵਾਸੀਆਂ ਦੇ ਪੁੱਠੇ ਗੇੜੇ ਤੋਂ ਕੈਨੇਡਾ ਹੈਰਾਨ
ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨੁੱਖੀ ਤਸਕਰੀ ਦੀ ਇਹ ਘਟਨਾ ਅਨੋਖੀ ਹੈ ਕਿਉਂਕਿ ਗੈਰਕਾਨੂੰਨੀ ਆਵਾਸੀ ਜ਼ਿਆਦਾਤਰ ਅਮਰੀਕਾ ਤੋਂ ਕੈਨੇਡਾ ਵੱਲ ਆਉਂਦੇ ਹਨ। ਪਰ ਇਸ ਵਾਰ ਪੁੱਠਾ ਹੋਇਆ ਹੈ ਤੇ ਮੌਤਾਂ ਵੀ ਹੋਈਆਂ ਹਨ। ਸੰਨ 2016 ਵਿਚ ਜਦ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸਨ ਤਾਂ ਪੈਦਲ ਚੱਲ ਕੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਧ ਗਈ ਸੀ।